ਪੰਜਾਬ ''ਚ ''ਸੱਜਣ'', ਜਾਣੋ ਹਵਲਦਾਰ ਦਾ ਪੁੱਤ ਕੈਨੇਡਾ ''ਚ ਕਿਵੇਂ ਬਣਿਆ ਰੱਖਿਆ ਮੰਤਰੀ, ਪੂਰੇ ਸਫਰ ''ਤੇ ਇਕ ਝਾਤ (ਦੇਖੋ ਤਸਵੀਰਾਂ)

04/20/2017 11:56:40 AM

ਜਲੰਧਰ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਆਪਣੀ ਧਰਤੀ, ਆਪਣੇ ਲੋਕਾਂ ਵਿਚ ਪਹੁੰਚ ਗਏ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਉਹ ਹੁਸ਼ਿਆਰਪੁਰ ਵਿਖੇ ਸਥਿਤ ਆਪਣੇ ਜੱਦੀ ਪਿੰਡ ਬੰਬੇਲੀ ਵਿਖੇ ਜਾਣਗੇ। ਸੱਜਣ ਦੇ ਸੁਆਗਤ ਵਿਚ ਪੂਰਾ ਪਿੰਡ ਪੱਬਾਂ ਭਾਰ ਹੈ। ਉਨ੍ਹਾਂ ਦੇ ਸੁਆਗਤ ਦੀਆਂ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇੱਥੇ ਦੱਸ ਦੇਈਏ ਕਿ ਸੱਜਣ ਦੇ ਪਿਤਾ ਕੁੰਦਨ ਸਿੰਘ ਸੱਜਣ ਪੰਜਾਬ ਪੁਲਸ ਵਿਚ ਹਵਲਦਾਰ ਸਨ। ਉਨ੍ਹਾਂ ਦਾ ਪਰਿਵਾਰ ਸਾਲ 1976 ਵਿਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਚਲਾ ਗਿਆ। ਸੱਜਣ ਉਸ ਸਮੇਂ ਮਹਿਜ਼ ਪੰਜ ਸਾਲਾਂ ਦੇ ਸਨ। ਸ਼ੁਰੂਆਤੀ ਦੌਰ ਕੈਨੇਡਾ ਵਿਚ ਕਾਫੀ ਸੰਘਰਸ਼ ਕਰਨਾ ਪਿਆ। ਉਨ੍ਹਾਂ ਦੇ ਪਿਤਾ ਨੇ ਆਰਾ ਮਿੱਲ ਵਿਚ ਕੰਮ ਕੀਤਾ ਜਦੋਂ ਕਿ ਉਨ੍ਹਾਂ ਦੀ ਮਾਤਾ ਜੀ ਨੇ ਖੇਤਾਂ ਵਿਚ ਮਜ਼ਦੂਰੀ ਕੀਤੀ। ਨਜ਼ਰ ਮਾਰਦੇ ਹਾਂ ਹਰਜੀਤ ਸਿੰਘ ਸੱਜਣ ਦੇ ਕੈਨੇਡਾ ਦੇ ਰੱਖਿਆ ਮੰਤਰੀ ਬਣਨ ਤੱਕ ਦੇ ਸਫਰ ''ਤੇ—
— ਦੱਖਣੀ ਵੈਨਕੂਵਰ ਤੋਂ 1989 ਵਿਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੱਜਣ ''ਦਿ ਬ੍ਰਿਟਿਸ਼ ਕੋਲੰਬੀਆ'' ਰੈਜੀਮੈਂਟ ਵਿਚ ਭਰਤੀ ਹੋ ਗਏ।
— 1991 ਵਿਚ ਉਹ ਫੌਜ ਵਿਚ ਕਮਿਸ਼ਨ ਅਫਸਰ ਬਣਨ ਤੋਂ ਬਾਅਦ ਉਹ ਲੈਫਟੀਨੈਂਟ ਕਰਨਲ ਦੇ ਅਹੁਦੇ ਤੱਕ ਪਹੁੰਚੇ। ਉਹ ਪਹਿਲੇ ਅਜਿਹੇ ਸਿੱਖ ਸਨ, ਜਿਨ੍ਹਾਂ ਦੇ ਹੱਥਾਂ ਵਿਚ ਕੈਨੇਡਾ ਦੀ ਫੌਜ ਦੀ ਕਿਸੀ ਰੈਜੀਮੈਂਟ ਦੀ ਕਮਾਨ ਸੀ।
—ਫੌਜ ਵਿਚ ਉਨ੍ਹਾਂ ਨੂੰ ਬਹਾਦਰੀ ਦੀਆਂ ਕਾਫੀ ਤਾਰੀਫਾਂ ਕੀਤੀਆਂ ਗਈਆਂ। ਖਾਸ ਤੌਰ ''ਤੇ ਅਫਗਾਨਿਸਤਾਨ ਵਿਚ ਆਪਣੀ ਤਾਇਨਾਤੀ ਦੌਰਾਨ ਉਨ੍ਹਾਂ ਨੇ ਕਈ ਮੈਡਲ ਜਿੱਤੇ।
— ਫਿਰ ਉਹ ਪੁਲਸ ਵਿਭਾਗ ਵਿਚ ਸ਼ਾਮਲ ਹੋ ਗਏ। ਵੈਨਕੂਵਰ ਪੁਲਸ ਵਿਭਾਗ ਵਿਚ ਉਨ੍ਹਾਂ ਨੇ ਗੈਂਗ ਹਿੰਸਾ ਖਿਲਾਫ ਮੁੱਖ ਤੌਰ ''ਤੇ ਕੰਮ ਕੀਤਾ। ਪੁਲਸ ਵਿਚ ਰਹਿੰਦਿਆਂ ਉਨ੍ਹਾਂ ਨੇ ਜਾਸੂਸੀ ਦਾ ਕੰਮ ਵੀ ਕੀਤਾ। 
— ਪੁਲਸ ਦੀ ਨੌਕਰੀ ਛੱਡਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਕੰਸਲਟੈਂਸੀ ਸ਼ੁਰੂ ਕੀਤੀ, ਜਿਸ ਦੇ ਅਧੀਨ ਉਹ ਕੈਨੇਡਾ ਦੀ ਪੁਲਸ ਅਤੇ ਫੌਜ ਨੂੰ ਜਾਸੂਸੀ ਦੇ ਤੌਰ-ਤਰੀਕਿਆਂ ਦੀ ਟਰੇਨਿੰਗ ਦਿੰਦੇ ਸਨ।
— ਸਾਲ 2014 ਵਿਚ ਉਨ੍ਹਾਂ ਦੀ ਨਵੀਂ ਪਾਰੀ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਉਨ੍ਹਾਂ ਨੇ ਲਿਬਰਲ ਪਾਰਟੀ ਤੋਂ ਆਮ ਚੋਣਾਂ ਲੜੀਆਂ। 
— ਚੋਣਾਂ ਜਿੱਤ ਕੇ ਉਨ੍ਹਾਂ ਨੇ ਦੱਖਣੀ ਵੈਨਕੂਵਰ ਸੀਟ ਆਪਣੀ ਝੋਲੀ ਵਿਚ ਪਾਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਰੱਖਿਆ ਮੰਤਰੀ ਬਣਾ ਕੇ ਮਾਣ ਬਖਸ਼ਿਆ। ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਬਣ ਕੇ ਸੱਜਣ ਨੇ ਪੰਜਾਬ ਦਾ ਨਾਂ ਰੌਸ਼ਨ ਕਰ ਦਿੱਤਾ।

Kulvinder Mahi

This news is News Editor Kulvinder Mahi