ਕੈਨੇਡਾ ''ਚ ਦਿਨ-ਦਿਹਾੜੇ ਭੰਗੜਾ ਪ੍ਰਮੋਟਰ ਰੰਜੀਵ ਸੰਘਾ ਦਾ ਕਤਲ

11/28/2018 11:04:11 AM

ਸਰੀ(ਏਜੰਸੀ)— ਕੈਨੇਡਾ 'ਚ ਗੋਲੀਬਾਰੀ ਦੀਆਂ ਖਬਰਾਂ ਬੰਦ ਹੋਣ ਦਾ ਨਾਂ ਨਹੀਂ ਲੈ ਰਹੀਆਂ। ਹਰ ਰੋਜ਼ ਕੋਈ ਨਾ ਕੋਈ ਇਸ ਗੋਲੀਬਾਰੀ ਦਾ ਸ਼ਿਕਾਰ ਹੁੰਦਾ ਹੈ ਅਤੇ ਵਧੇਰੇ ਪੰਜਾਬੀ ਹੀ ਮਾਰੇ ਜਾਂਦੇ ਹਨ। ਬੀਤੇ ਦਿਨ ਇਕ ਹੋਰ ਕਤਲ ਦਾ ਮਾਮਲਾ ਸਾਹਮਣੇ ਆਇਆ ਅਤੇ ਮ੍ਰਿਤਕ ਦੀ ਪਛਾਣ ਸਰੀ ਨਿਵਾਸੀ ਭੰਗੜਾ ਪ੍ਰਮੋਟਰ 41 ਸਾਲਾ ਰੰਜੀਵ ਉਰਫ ਰਾਜ ਸੰਘਾ ਵਜੋਂ ਹੋਈ ਹੈ। ਬਹੁਤ ਸਾਰੇ ਲੋਕ ਇਸ ਨੂੰ ਜਾਣ-ਬੁੱਝ ਕੇ ਕੀਤਾ ਗਿਆ ਕਤਲ ਮੰਨਦੇ ਹਨ, ਹਾਲਾਂਕਿ ਕਈਆਂ ਦਾ ਕਹਿਣਾ ਹੈ ਕਿ ਸ਼ਾਇਦ ਕਾਤਲ ਕਿਸੇ ਹੋਰ ਨੂੰ ਮਾਰਨ ਆਏ ਹੋਣ ਅਤੇ ਉਨ੍ਹਾਂ ਨੇ ਭੁਲੇਖੇ ਨਾਲ ਰਾਜ ਸੰਘਾ 'ਤੇ ਗੋਲੀਆਂ ਚਲਾ ਦਿੱਤੀਆਂ। ਫਿਲਹਾਲ ਇਸ ਸਬੰਧੀ ਜਾਂਚ ਚੱਲ ਰਹੀ ਹੈ।
ਕਤਲ ਵਾਲੀ ਥਾਂ ਤੋਂ ਥੋੜੀ ਦੂਰ ਹੀ ਸਰੀ ਪੁਲਸ ਦਾ ਮੁੱਖ ਦਫਤਰ ਤੇ ਸੂਬਾਈ ਅਦਾਲਤੀ ਕੰਪਲੈਕਸ ਹੈ, ਜਿੱਥੇ ਸਾਰਾ ਦਿਨ ਲੋਕਾਂ ਦੀ ਭਰਵੀਂ ਆਵਾਜਾਈ ਰਹਿੰਦੀ ਹੈ। ਅਜਿਹੇ 'ਚ ਇਸ ਤਰ੍ਹਾਂ ਦੀ ਵਾਰਦਾਤ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਰਹੀ ਹੈ।


ਪੁਲਸ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰ ਪੌਣੇ ਬਾਰਾਂ ਵਜੇ ਉਨ੍ਹਾਂ ਨੂੰ ਹਾਈਵੇਅ 10 ਨੇੜੇ ਸਾਊਥਵੇਅ ਡਰਾਈਵ ਸਥਿਤ ਘਰ ਅੱਗੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਮੌਕੇ 'ਤੇ ਪਹੁੰਚੀ ਪੁਲਸ ਨੇ ਵੇਖਿਆ ਕਿ ਇੱਕ ਵਿਅਕਤੀ ਲਹੂ-ਲੁਹਾਨ ਪਿਆ ਸੀ। ਮੌਕੇ 'ਤੇ ਐਂਬੂਲੈਂਸ ਪੁੱਜ ਗਈ ਸੀ ਪਰ ਰਾਜ ਸੰਘਾ ਨੂੰ ਬਚਾਇਆ ਨਾ ਜਾ ਸਕਿਆ। ਪੁਲਸ ਨੇ ਕਾਤਲਾਂ ਦੀ ਸੂਹ ਦੇਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਜਾਣਕਾਰੀ ਮਿਲੀ ਹੈ ਕਿ ਕਤਲ ਵਾਲੇ ਥਾਂ ਕੋਲੋਂ ਤੇਜ਼ੀ ਨਾਲ ਕਾਲੇ ਰੰਗ ਦੀ ਇਕ ਸੁਡਾਨ ਗੱਡੀ ਲੰਘ ਕੇ ਗਈ ਸੀ।


ਲੋਕਾਂ ਨੇ ਦੱਸਿਆ ਕਿ ਰਾਜ ਸੰਘਾ ਭੰਗੜੇ ਦਾ ਕੋਚ ਸੀ ਤੇ ਅਕਸਰ ਭੰਗੜਾ ਮੁਕਾਬਲੇ ਕਰਵਾਉਂਦਾ ਰਹਿੰਦਾ ਸੀ। ਉਸ ਦੇ ਕਤਲ ਹੋਣ ਦੀ ਖਬਰ ਸੁਣ ਕੇ ਹਰ ਕੋਈ ਹੈਰਾਨ ਹੈ। ਫਿਲਹਾਲ ਪੁਲਸ ਨੇ ਘਟਨਾ ਵਾਲੇ ਸਥਾਨ 'ਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਕਾਤਲ ਦਾ ਕੋਈ ਸੁਰਾਗ ਮਿਲ ਸਕੇ।