ਮਾਈਕ੍ਰੋਵੇਵ ਨਾਲ ਸਟੰਟ ਕਰਨਾ ਨੌਜਵਾਨ ਨੂੰ ਪਿਆ ਭਾਰੀ, ਵਾਲ-ਵਾਲ ਬਚੀ ਜਾਨ (ਵੀਡੀਓ)

12/10/2017 11:07:39 AM

ਲੰਡਨ (ਬਿਊਰੋ)— ਕੁਝ ਲੋਕਾਂ ਨੂੰ ਖਤਰਨਾਕ ਕੰਮ ਕਰਨਾ ਬਹੁਤ ਪਸੰਦ ਹੁੰਦਾ ਹੈ। ਕਈ ਵਾਰੀ ਅਜਿਹਾ ਕਰਦੇ ਹੋਏ ਉਨ੍ਹਾਂ ਦੀ ਜਾਨ ਵੀ ਖਤਰੇ ਵਿਚ ਪੈ ਜਾਂਦੀ ਹੈ। ਅਜਿਹਾ ਹੀ ਕੁਝ ਇੰਗਲੈਂਡ ਵਿਚ ਰਹਿਣ ਵਾਲੇ ਨੌਜਵਾਨ ਨਾਲ ਹੋਇਆ। ਉਸ ਨੂੰ ਮਾਈਕ੍ਰੋਵੇਵ ਨਾਲ ਸਟੰਟ ਕਰਨਾ ਭਾਰੀ ਪੈ ਗਿਆ। ਅਸਲ ਵਿਚ ਨੌਜਵਾਨ ਯੂ-ਟਿਊਬ 'ਤੇ ਅਪਲੋਡ ਕਰਨ ਲਈ ਪ੍ਰੈਂਕ ਵੀਡੀਓ ਬਣਾ ਰਿਹਾ ਸੀ। ਇਸੇ ਦੌਰਾਨ ਉਸ ਨੇ ਮਾਈਕ੍ਰੋਵੇਵ ਵਿਚ ਸੀਮੈਂਟ ਦਾ ਘੋਲ ਪਾ ਦਿੱਤਾ ਅਤੇ ਉਸ ਨੂੰ ਆਪਣੇ ਸਿਰ 'ਤੇ ਰੱਖ ਲਿਆ। 
ਜਿਵੇਂ ਹੀ ਸੀਮੈਂਟ ਦਾ ਘੋਲ ਸਖਤ ਹੋਇਆ, ਨੌਜਵਾਨ ਲਈ ਮਾਈਕ੍ਰੋਵੇਵ ਵਿਚੋਂ ਸਿਰ ਬਾਹਰ ਕੱਢਣਾ ਮੁਸ਼ਕਲ ਹੋ ਗਿਆ। ਉੱਥੇ ਮੌਜੂਦ ਕੁਝ ਲੋਕਾਂ ਨੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕੇ। ਅਖੀਰ ਫਾਇਰਫਾਇਟਰਜ਼ ਅਧਿਕਾਰੀਆਂ ਨੂੰ ਬੁਲਾਇਆ ਗਿਆ। ਹਾਲਾਂਕਿ ਪ੍ਰੈਂਕ ਦੌਰਾਨ ਨੌਜਵਾਨ ਨੇ ਮਾਈਕ੍ਰੋਵੇਵ ਅੰਦਰ ਟਿਊਬ ਲਗਾ ਲਈ ਸੀ, ਜਿਸ ਨਾਲ ਉਹ ਸਾਹ ਲੈ ਰਿਹਾ ਸੀ।


ਪੰਜ ਲੋਕਾਂ ਦੀ ਟੀਮ ਨੇ ਕਾਫੀ ਕੋਸ਼ਿਸ਼ਾਂ ਮਗਰੋਂ ਉਸ ਦੇ ਸਿਰ ਤੋਂ ਮਾਈਕ੍ਰੋਵੇਵ ਉਤਾਰਿਆ। ਇਸ ਦੌਰਾਨ ਉਨ੍ਹਾਂ ਨੇ ਪੇਚਕੱਸ ਦੀ ਵੀ ਵਰਤੋਂ ਕੀਤੀ। ਫਾਇਰਫਾਈਟਰਜ਼ ਦੇ ਇਕ ਮੈਂਬਰ ਨੇ ਦੱਸਿਆ ਕਿ ਇਸ ਘਟਨਾ ਬਾਰੇ ਜਾਣ ਕੇ ਹਾਸਾ ਆਉਂਦਾ ਹੈ ਪਰ ਨੌਜਵਾਨ ਲਈ ਇਹ ਸਮਾਂ ਕਾਫੀ ਮੁਸ਼ਕਲ ਭੱਰਿਆ ਸੀ। ਲੱਗਭਗ 90 ਮਿੰਟ ਦੀ ਕੋਸ਼ਿਸ਼ ਮਗਰੋਂ ਨੌਜਵਾਨ ਦੀ ਜਾਨ ਨੂੰ ਬਚਾਇਆ ਜਾ ਸਕਿਆ।