ਡਾਕਟਰਾਂ ਦਾ ਕਮਾਲ, ਬ੍ਰੇਨ ਡੈੱਡ ਮਾਂ ਨੇ 117 ਦਿਨ ਬਾਅਦ ਦਿੱਤਾ ਬੱਚੇ ਨੂੰ ਜਨਮ

09/03/2019 12:45:54 PM

ਪ੍ਰਾਗ (ਬਿਊਰੋ)— ਵਿਗਿਆਨ ਅਤੇ ਤਕਨੀਕ ਦੀ ਵਰਤੋਂ ਨਾਲ ਚੈੱਕ ਗਣਰਾਜ ਦੇ ਡਾਕਟਰਾਂ ਨੇ ਚਮਤਕਾਰ ਕਰ ਦਿਖਾਇਆ ਹੈ। ਪਿਛਲੇ ਦਿਨੀਂ ਚੈੱਕ ਗਣਰਾਜ ਦੇ ਸ਼ਹਿਰ ਬਰਨੋ ਵਿਚ 117 ਦਿਨ ਤੋਂ ਬ੍ਰੇਨ ਡੈੱਡ ਮਹਿਲਾ ਨੇ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ। 27 ਸਾਲਾ ਮਹਿਲਾ ਨੂੰ ਅਪ੍ਰੈਲ ਵਿਚ ਬਰਨੋ ਦੇ ਯੂਨੀਵਰਸਿਟੀ ਹਸਪਤਾਲ ਲਿਆਂਦਾ ਗਿਆ ਸੀ। ਉਸ ਨੂੰ ਗੰਭੀਰ ਸਟਰੋਕ ਆਇਆ ਸੀ। ਹਸਪਤਾਲ ਪਹੁੰਚਣ ਦੇ ਕੁਝ ਦੇਰ ਬਾਅਦ ਹੀ ਉਸ ਦਾ ਬ੍ਰੇਨ ਡੈੱਡ ਕਰਾਰ ਦਿੱਤਾ ਗਿਆ ਮਤਲਬ ਉਸ ਦੇ ਦਿਮਾਗ ਨੂੰ ਡਾਕਟਰਾਂ ਨੇ ਮਿ੍ਰਤਕ ਮੰਨ ਲਿਆ ਸੀ। 

ਉਸ ਸਮੇਂ ਮਹਿਲਾ ਦੇ ਗਰਭ ਵਿਚ 15 ਹਫਤੇ ਮਤਲਬ ਸਿਰਫ ਸਾਢੇ ਤਿੰਨ ਮਹੀਨੇ ਦਾ ਭਰੂਣ ਸੀ। ਬ੍ਰੇਨ ਡੈੱਡ ਐਲਾਨਣ ਦੇ ਤੁਰੰਤ ਬਾਅਦ ਹੀ ਡਾਕਟਰਾਂ ਨੇ ਗਰਭ ਵਿਚ ਪਲ ਰਹੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਉਸ ਮਗਰੋਂ ਜੋ ਹੋਇਆ ਉਹ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਹੈ। ਡਾਕਟਰਾਂ ਨੇ ਮਹਿਲਾ ਦੇ ਪੇਟ ਵਿਚ ਪਲ ਰਹੇ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਮਹਿਲਾ ਨੂੰ ਆਰਟੀਫੀਸ਼ਲ ਲਾਈਫ ਸਪੋਰਟ ਸਿਸਟਮ ਵਿਚ ਰੱਖਿਆ, ਜਿਸ ਨਾਲ ਗਰਭ ਅਵਸਥਾ ਸਧਾਰਨ ਤਰੀਕੇ ਨਾਲ ਵੱਧਦੀ ਰਹੀ। ਭਰੂਣ ਦਾ ਵਿਕਾਸ ਯਕੀਨੀ ਕਰਨ ਲਈ ਨਿਯਮਿਤ ਰੂਪ ਨਾਲ ਮਹਿਲਾ ਦੇ ਪੈਰਾਂ ਨੂੰ ਇਸ ਤਰ੍ਹਾਂ ਚਲਾਇਆ ਜਾਂਦਾ ਸੀ ਜਿਵੇਂ ਉਹ ਤੁਰ ਰਹੀ ਹੋਵੇ। 

ਆਖਿਰ 15 ਅਗਸਤ ਨੂੰ ਗਰਭ ਅਵਸਥਾ ਦੇ 34ਵੇਂ ਹਫਤੇ ਡਾਕਟਰਾਂ ਨੇ ਸੀਜ਼ੇਰੀਅਨ ਆਪਰੇਸ਼ਨ ਜ਼ਰੀਏ ਸਿਹਤਮੰਦ ਬੱਚੀ ਦਾ ਜਨਮ ਕਰਵਾਇਆ। ਜਨਮ ਸਮੇਂ ਬੱਚੀ ਦਾ ਵਜ਼ਨ 2.13 ਕਿਲੋਗ੍ਰਾਮ ਸੀ। ਬੱਚੀ ਦਾ ਨਾਮ ਐਲਿਸਕਾ ਰੱਖਿਆ ਗਿਆ। ਬੱਚੀ ਦੇ ਜਨਮ ਦੇ ਬਾਅਦ ਮਹਿਲਾ ਦੇ ਪਤੀ ਅਤੇ ਪਰਿਵਾਰ ਦੇ ਮੈਂਬਰਾਂ ਦੀ ਸਹਿਮਤੀ ਦੇ ਬਾਅਦ ਮਹਿਲਾ ਦਾ ਲਾਫੀਫ ਸਪੋਰਟ ਸਿਸਟਮ ਹਟਾ ਦਿੱਤਾ ਗਿਆ, ਜਿਸ ਮਗਰੋਂ ਉਸ ਦੀ ਮੌਤ ਹੋ ਗਈ।

Vandana

This news is Content Editor Vandana