ਇਟਲੀ 'ਚ ਸੱਭਿਆਚਾਰਕ ਮੇਲੇ ਨੇ ਬੰਨ੍ਹਿਆ ਰੰਗ

08/20/2018 2:11:14 PM

ਮਿਲਾਨ(ਸਾਬੀ ਚੀਨੀਆ)— ਇਟਲੀ ਦੀ ਰਾਜਧਾਨੀ ਰੋਮ ਨਾਲ ਲੱਗਦੇ ਕਸਬਾ ਲਵੀਨੀ 1 'ਚ ਕਰਵਾਏ ਗਏ ਸੱਭਿਆਚਾਰਕ ਮੇਲੇ 'ਚ ਪੰਜਾਬਣ ਮੁਟਿਆਰਾਂ ਨੇ ਪੰਜਾਬੀ ਵਿਰਸੇ ਦੀ ਸ਼ਾਨ ਗਿੱਧੇ-ਭੰਗੜੇ ਨਾਲ ਪੂਰੀ ਬੱਲੇ-ਬੱਲੇ ਕਰਵਾ ਛੱਡੀ।

ਸੱਭਿਆਚਾਰ ਅਤੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਮੇਲੇ 'ਚ ਇਟਲੀ ਦਾ ਕਸਬਾ ਲਵੀਨੀ 1 ਪੂਰੇ ਪੰਜਾਬੀ ਰੰਗ ਵਿਚ ਰੰਗਿਆ ਨਜ਼ਰ ਆਇਆ। ਇਸ ਮੌਕੇ ਪੰਜਾਬੀ ਸੂਟ, ਫੁਲਕਾਰੀਆਂ, ਸੱਗੀ ਫੁੱਲ ਅਤੇ ਵਿਰਸੇ ਨਾਲ ਸਬੰਧਤ ਹੋਰ ਵਸਤਾਂ ਵੇਖਣ ਨੂੰ ਮਿਲੀਆਂ।


ਰੀਆ ਮਨੀ ਟਰਾਂਸਫਰ ਵਲੋਂ ਪ੍ਰੋਗਰਾਮ ਦਾ ਹਿੱਸਾ ਬਣੇ ਬੱਚਿਆਂ ਨੂੰ ਕਈ ਤਰ੍ਹਾਂ ਦੇ ਤੋਹਫੇ ਵੀ ਦਿੱਤੇ ਗਏ । ਪ੍ਰੋਗਰਾਮ ਦੀ ਸਮਾਪਤੀ ਮਗਰੋਂ ਗੱਲਬਾਤ ਕਰਦਿਆਂ ਇਟਲੀ 'ਚ ਪਲੇਠੀ ਮਹਿਲਾ ਪੱਤਰਕਾਰ ਵਜੋਂ ਜਾਣੀ ਜਾਂਦੀ ਸ਼ਖਸੀਅਤ ਮੈਡਮ ਰਵਿੰਦਰਪਾਲ ਕੌਰ ਧਾਲੀਵਾਲ ਨੇ ਆਖਿਆ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਇਟਲੀ ਵਰਗੇ ਵਿਕਾਸਸ਼ੀਲ ਦੇਸ਼ ਵਿਚ ਰਹਿੰਦੀਆਂ ਪੰਜਾਬਣ ਧੀਆਂ ਵਲੋਂ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਇੱਥੇ ਜੰਮ-ਪਲ ਕੇ ਜਵਾਨ ਹੋ ਰਹੇ ਬੱਚਿਆਂ ਨੂੰ ਅਜਿਹੇ ਮੇਲੇ ਸਾਡੇ ਵਿਰਸੇ ਨਾਲ ਜੋੜ ਕੇ ਰੱਖਣ ਲਈ ਕਾਰਗਰ ਸਾਬਿਤ ਹੋ ਰਹੇ ਹਨ।​​​​​​​