ਆਸਟ੍ਰੇਲੀਆ ''ਚ ਜ਼ਖਮੀ ਪੁਲਸ ਅਧਿਕਾਰੀ ਦੀ ਹਾਲਤ ''ਚ ਸੁਧਾਰ

01/31/2018 11:47:34 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਡੇ ਵਾਲੇ ਦਿਨ ਸਿਡਨੀ ਪਬ ਵਿਚ ਇਕ ਅਪਰਾਧੀ ਦੁਆਰਾ ਇਕ ਸੀਨੀਅਰ ਪੁਲਸ ਅਧਿਕਾਰੀ 'ਤੇ ਚਾਕੂ ਨਾਲ ਦੋ ਵਾਰੀ ਹਮਲਾ ਕੀਤਾ ਗਿਆ ਸੀ। ਇਸ ਹਮਲੇ ਮਗਰੋਂ ਉਸ ਨੂੰ ਤੁਰੰਤ ਸੈਟ ਵਿਨਸੈੱਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਨਿਊ ਸਾਊਥ ਵੇਲਜ਼ ਦੇ ਮੁੱਖ ਪੁਲਸ ਅਧਿਕਾਰੀ ਮੁਤਾਬਕ ਹੁਣ ਡਿਟੈਕਟਿਵ ਸਾਰਜੈਂਟ ਜੌਨ ਬ੍ਰੈਡਾ (45) ਦੀ ਸਥਿਤੀ ਵਿਚ ਸੁਧਾਰ ਹੈ ਅਤੇ ਉਹ ਗੱਲਬਾਤ ਕਰ ਰਿਹਾ ਹੈ। ਕੱਲ ਉਨ੍ਹਾਂ ਨੇ ਹਸਪਤਾਲ ਵਿਚ ਪਹਿਲੀ ਵਾਰੀ ਅੱਖਾਂ ਖੋਲੀਆਂ। ਜੌਨ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਪਛਾਣ ਲਿਆ ਹੈ ਅਤੇ ਹੱਥ ਦੇ ਇਸ਼ਾਰੇ ਨਾਲ ਗੱਲਬਾਤ ਕਰ ਰਹੇ ਹਨ।

ਜੌਨ ਨੂੰ 26 ਜਨਵਰੀ ਵਾਲੇ ਦਿਨ ਮਾਰੂਬਾਰਾ ਜੰਕਸ਼ਨ ਦੇ ਬਾਹਰ ਸ਼ੱਕੀ ਨਿਕ ਨਿਊਮੈਨ ਨੇ ਦੋ ਵਾਰੀ ਚਾਕੂ ਮਾਰਿਆ ਸੀ। ਇਸ ਹਮਲਾਵਰ ਨਿਊਮੈਨ ਨੂੰ ਬਾਅਦ ਵਿਚ ਅਧਿਕਾਰੀਆਂ ਵੱਲੋਂ ਗੋਲੀ ਮਾਰ ਦਿੱਤੀ ਗਈ ਸੀ। ਜੌਨ ਨੇ 21 ਸਾਲ ਤੱਕ ਪੁਲਸ ਅਫਸਰ ਵਜੋਂ ਕੰਮ ਕੀਤਾ ਅਤੇ 13 ਸਾਲ ਤੱਕ ਇਕ ਜਾਸੂਸ ਦੇ ਤੌਰ 'ਤੇ ਕੰਮ ਕੀਤਾ ਅਤੇ 4 ਸਾਲ ਤੱਕ ਬਾਲ ਦੁਰਵਿਵਹਾਰ ਦਸਤੇ ਦਾ ਹਿੱਸਾ ਰਹੇ। ਜੌਨ ਨੂੰ ਸਾਲ 2015 ਵਿਚ ਨੈਸ਼ਨਲ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।