''ਕੋਰੋਨਾ ਨੂੰ ਲੈ ਕੇ ਸੀ.ਪੀ.ਸੀ. ਤੇ ਚੀਨੀ ਲੋਕਾਂ ''ਚ ਫੁੱਟ ਪਾ ਰਿਹੈ ਅਮਰੀਕਾ''

05/09/2020 1:05:38 AM

ਬੀਜਿੰਗ (ਏਜੰਸੀ)- ਚੀਨ ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਅਮਰੀਕਾ 'ਤੇ ਕਰਾਰਾ ਪਲਟਵਾਰ ਕਰਦੇ ਹੋਏ ਇਸ ਨੂੰ ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀ ਅਤੇ ਚੀਨ ਦੇ ਨਾਗਰਿਕਾਂ ਵਿਚਾਲੇ ਫੁੱਟ ਪਾਉਣ ਦੀ ਕੋਸ਼ਿਸ਼ ਕਰਾਰ ਦਿੱਤਾ। ਇਹੀ ਨਹੀਂ ਚੀਨ ਨੇ ਅਰੀਕਾ ਨੂੰ ਅਜਿਹਾ ਕਰਕੇ ਆਪਣਾ ਸਮਾਂ ਬਰਬਾਦ ਨਾ ਕਰਨ ਦੀ ਨਸੀਹਤ ਦਿੱਤੀ। ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਣ ਹੁਆ ਚੁਨਯਿੰਗ ਨੇ ਕਿਹਾ ਕਿ ਇਹ ਨਹੀਂ ਭੁੱਲਣਾ ਚਾਹੀਦਾ ਕਿ ਚੀਨੀ ਕਮਿਊਨਿਸਟ ਪਾਰਟੀ ਯਾਨੀ ਸੀ.ਪੀ.ਸੀ. ਦੀ ਅਗਵਾਈ ਵਿਚ ਹੀ ਚੀਨ ਦੇ ਨਾਗਰਿਕਾਂ ਨੇ ਇਸ ਮਹਾਂਮਾਰੀ ਦਾ ਮੁਕਾਬਲਾ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਬੁਲਾਰਣ ਨੇ ਕਿਹਾ ਕਿ ਅਮਰੀਕੀ ਨੇਤਾ ਚੀਨ ਦੀ ਰਾਜਨੀਤਕ ਵਿਵਸਥਾ 'ਤੇ ਸਵਾਲ ਚੁੱਕ ਰਹੇ ਹਨ, ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਅਮਰੀਕੀ ਨੇਤਾ ਬਦਕਿਸਮਤੀ ਨਾਲ ਸੀ.ਪੀ.ਸੀ. ਅਤੇ ਚੀਨ ਦੇ ਨਾਗਰਿਕਾਂ ਵਿਚਾਲੇ ਦਰਾਰ ਪੈਦਾ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਇਸ ਵਿਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਬੁਲਾਰਣ ਹੁਆ ਚੁਨਯਿੰਗ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਵੱਖ-ਵੱਖ ਮਸਲਿਆਂ 'ਤੇ ਕੀਤੀ ਗਈ ਚੀਨ ਦੀ ਆਲੋਚਨਾ ਦਾ ਜਵਾਬ ਦੇ ਰਹੀ ਸੀ। ਯਾਦ ਰਹੇ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪੋਂਪੀਓ ਨੇ ਦੋਸ਼ ਲਗਾਏ ਹਨ ਕਿ ਕੋਰੋਨਾ ਵਾਇਰਸ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਾਇਰੋਲਾਜੀ ਤੋਂ ਨਿਕਲਿਆ ਹੈ।

ਹੁਆ ਚੁਨਯਿੰਗ ਨੇ ਕਿਹਾ ਕਿ ਦੇਸ਼ ਅਤੇ ਅਮਰੀਕਾ ਨੂੰ ਇਕ ਦੂਜੇ ਦਾ ਦੁਸ਼ਮਨ ਨਹੀਂ ਬਣਨਾ ਚਾਹੀਦਾ। ਦੋਵੇਂ ਹੀ ਦੇਸ਼ਾਂ ਨੂੰ ਇਸ ਮਹਾਂਮਾਰੀ ਖਿਲਾਫ ਲੜਾਈ ਵਿਚ ਸਹਿਯੋਗੀ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਕੋਰੋਨਾ ਦਾ ਮੁਕਾਬਲਾ ਕਰਨ ਲਈ ਰਾਜਨੀਤਕ ਮਤਭੇਦ ਦੂਰ ਰੱਖੇ ਜਾਣੇ ਚਾਹੀਦੇ ਹਨ ਕਿਉਂਕਿ ਜੀਵਨ ਸਭ ਤੋਂ ਮਹੱਤਵਪੂਰਨ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਲਗਾਏ ਦੋਸ਼ ਕਿ ਚੀਨ ਨੇ ਬਹੁਤ ਵੱਡੀ ਗਲਤੀ ਕੀਤੀ ਹੈ, 'ਤੇ ਚੀਨੀ ਬੁਲਾਰਣ ਨੇ ਕਿਹਾ ਕਿ ਅਸੀਂ ਕਿਹੜੀ ਵੱਡੀ ਗਲਤੀ ਕੀਤੀ ਹੈ। ਇਹ ਕੁਦਰਤੀ ਬੀਮਾਰੀ ਹੈ, ਜਿਸ ਦਾ ਅਸੀਂ ਸਾਹਮਣਾ ਕੀਤਾ। ਜ਼ਿਕਰਯੋਗ ਹੈ ਕਿ ਦੁਨੀਆ ਵਿਚ ਕੋਰੋਨਾ ਦੀ ਸਭ ਤੋਂ ਜ਼ਿਆਦਾ ਮਾਰ ਅਮਰੀਕਾ 'ਤੇ ਪਈ ਹੈ, ਜਿੱਥੇ ਬੀਮਾਰੀ ਨਾਲ 75 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ, ਜਦੋਂ ਕਿ 12 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹਨ।

Sunny Mehra

This news is Content Editor Sunny Mehra