ਕੋਵਿਡ-19: 300 ਭਾਰਤੀਆਂ ਨਾਲ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਅਮਰੀਕਾ ਤੋਂ ਰਵਾਨਾ

05/15/2020 4:52:24 PM

ਨਿਊਯਾਰਕ- ਕੋਵਿਡ-19 ਮਹਾਮਾਰੀ ਦੇ ਕਾਰਣ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਦੇ ਚੱਲਦੇ ਅਮਰੀਕਾ ਵਿਚ ਫਸੇ 300 ਤੋਂ ਵਧੇਰੇ ਭਾਰਤੀ ਨਾਗਰਿਕ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਪਰਤ ਰਹੇ ਹਨ, ਜਿਹਨਾਂ ਵਿਚ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਾਬਕਾ ਪ੍ਰਤੀਨਿਧ ਸੈਯਦ ਅਕਬਰੂਦੀਨ ਵੀ ਸ਼ਾਮਲ ਹਨ। ਅਮਰੀਕਾ ਤੋਂ 6ਵੀਂ ਤੇ ਨਿਊ ਜਰਸੀ ਸ਼ਹਿਰ ਤੋਂ ਦੂਜੇ ਉਡਾਣ ਨਾਲ ਭਾਰਤ ਵਾਪਸ ਆ ਰਹੇ ਯਾਤਰੀਆਂ ਨੂੰ ਨਵੀਂ ਦਿੱਲੀ ਤੇ ਹੈਦਰਾਬਾਦ ਲਿਜਾਇਆ ਜਾਵੇਗਾ।

ਭਾਰਤੀ ਨਾਗਰਿਕਾਂ ਨੂੰ ਵਾਪਿਸ ਲਿਆਉਣ ਦੇ ਲਈ ਏਅਰ ਇੰਡੀਆ ਨੇ ਅਮਰੀਕਾ ਤੇ ਭਾਰਤ ਦੇ ਵਿਚਾਲੇ 9 ਤੋਂ 15 ਮਈ ਤੱਕ 7 ਗੈਰ-ਨਿਰਧਾਰਿਤ ਵਿਸ਼ੇਸ਼ ਉਡਾਣਾਂ ਤੈਅ ਕੀਤੀਆਂ ਸਨ। ਨਿਊ ਜਰਸੀ ਦੇ ਨੇਵਾਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਵੀਂ ਦਿੱਲੀ/ਹੈਦਰਾਬਾਦ ਜਾਣ ਵਾਲੇ, ਏਅਰ ਇੰਡੀਆ ਦੇ ਜਹਾਜ਼ ਨੇ 300 ਤੋਂ ਵਧੇਰੇ ਯਾਤਰੀਆਂ ਦੇ ਨਾਲ 14 ਮਈ ਨੂੰ ਉਡਾਣ ਭਰੀ। ਅਮਰੀਕਾ ਤੋਂ ਭਾਰਤ ਵੱਲ ਆ ਰਹੀ ਇਹ 6ਵੀਂ ਗੈਰ-ਨਿਰਧਾਰਿਤ ਵਿਸ਼ੇਸ਼ ਉਡਾਣ ਹੈ। ਸਾਨ ਫ੍ਰਾਂਸਿਸਕੋ ਤੋਂ ਮੁੰਬਈ ਤੇ ਹੈਦਰਾਬਾਦ ਦੇ ਲਈ ਸ਼ਨੀਵਾਰ ਨੂੰ ਪਹਿਲੇ ਜਹਾਜ਼ ਨੇ ਉਡਾਣ ਭਰੀ ਸੀ। ਅਕਬਰੂਦੀਨ 30 ਅਪ੍ਰੈਲ ਨੂੰ ਸੇਵਾਮੁਕਤ ਹੋ ਗਏ ਸਨ ਤੇ ਉਹ 14 ਮਈ ਦੀ ਉਡਾਣ ਰਾਹੀਂ ਨੇਵਾਰਕ ਤੋਂ ਹੈਦਰਾਬਾਦ ਵਾਪਸ ਆ ਰਹੇ ਹਨ। ਅਕਬਰੂਦੀਨ ਨੇ ਵੰਦੇ ਭਾਰਤ ਮਿਸ਼ਨ ਹੈਸ਼ ਟੈਗ ਦੇ ਨਾਲ ਏਅਰ ਇੰਡੀਆ ਜਹਾਜ਼ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਕਿ ਜਿਥੇ ਦਿਲ ਹੈ ਉਥੇ ਹੀ ਘਰ ਹੈ। ਨਿਊਯਾਰਕ ਤੇ ਸੰਯੁਰਕ ਰਾਸ਼ਟਰ ਨੂੰ ਅਲਵਿਦਾ। ਅੱਜ ਘਰ ਵੱਲ ਵਧ ਰਿਹਾ ਹਾਂ। ਭਾਰਤ ਮਾਤਾ ਦੀ ਗੋਦ ਵਿਚ ਸਾਨੂੰ ਵਾਪਸ ਲਿਆਉਣ ਲਈ ਜੋ ਲੋਕ ਕੰਮ ਕਰ ਰਹੇ ਹਨ ਉਹਨਾਂ ਦਾ ਦਿਲੋਂ ਧੰਨਵਾਦ।

ਕੋਵਿਡ-19 ਮਹਾਮਾਰੀ ਦੇ ਕਾਰਣ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਦੇ ਚੱਲਦੇ ਵਿਦੇਸ਼ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੇ ਲਈ ਚਲਾਇਆ ਜਾ ਰਿਹਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮਿਸ਼ਨ ਹੈ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਟਵੀਟ ਕੀਤਾ ਕਿ ਸਾਡੇ ਨਾਗਰਿਕਾਂ ਨੂੰ ਘਰ ਵਾਪਸ ਲਿਆਉਣ ਵਿਚ ਮਦਦ ਕਰ ਰਹੇ ਹਾਂ। ਅਮਰੀਕਾ ਤੋਂ 6ਵੀਂ ਉਡਾਣ ਨੇਵਾਰਕ ਤੋਂ ਦਿੱਲੀ ਤੇ ਹੈਦਰਾਬਾਦ ਵੱਲ। ਨਿਊਯਾਰਕ ਵਿਚ ਕੌਂਸਲੇਟ ਨੇ ਵੀ ਟਵੀਟ ਕੀਤਾ ਕਿ ਨੇਵਾਰਕ ਤੋਂ ਦਿੱਲੀ ਤੇ ਹੈਦਰਾਬਾਦ ਜਾਣ ਵਾਲੀ ਦੂਜੀ ਉਡਾਣ ਵਿਚ 14 ਮਈ 2020 ਨੂੰ ਸਵਾਰ ਹੁੰਦੇ ਭਾਰਤੀ ਨਾਗਰਿਕ। ਸ਼ੁੱਭ ਯਾਤਰਾ। ਨਿਊਜਰਸੀ ਤੋਂ ਭਾਰਤੀ ਸ਼ਹਿਰਾਂ ਮੁੰਬਈ ਤੇ ਅਹਿਮਦਾਬਾਦ ਦੇ ਲਈ ਪਹਿਲੀ ਗੈਰ-ਨਿਰਧਾਰਿਤ ਉਡਾਣ 10 ਮਈ ਨੂੰ ਰਵਾਨਾ ਹੋਈ ਸੀ।

Baljit Singh

This news is Content Editor Baljit Singh