ਚੋਣ ਫੰਡਾਂ ਦੀ ਗਲਤ ਜਾਣਕਾਰੀ ਦੇਣ ਵਾਲਾ ਕੌਂਸਲਰ ਸਲੀਮ ਮਹਾਜਰ ਕਾਨੂੰਨ ਦੇ ਸ਼ਿਕੰਜੇ ਵਿਚ

07/26/2017 7:04:59 PM

ਮੈਲਬੌਰਨ/ਸਿਡਨੀ (ਜੁਗਿੰਦਰ ਸੰਧੂ)- ਆਸਟਰੇਲੀਅਨ ਚੋਣ ਕਮਿਸ਼ਨ ਨੂੰ ਚੋਣਾਂ ਅਤੇ ਸਿਆਸੀ ਫੰਡਾਂ ਦੀ ਗਲਤ ਜਾਣਕਾਰੀ ਦੇਣ ਲਈ ਸਾਬਕਾ ਕੌਂਸਲਰ ਅਤੇ ਸਾਬਕਾ ਡਿਪਟੀ ਮੇਅਰ ਸਲੀਮ ਮਹਾਜਰ ਨੂੰ ਕਾਨੂੰਨ ਦੇ ਸ਼ਿਕੰਜੇ ਦਾ ਸਾਹਮਾਣਾ ਕਰਨਾ ਪੈ ਰਿਹਾ ਹੈ। ਸਲੀਮ ਜਿਸ ਨੂੰ ਅੱਜ ਅਦਾਲਤ ਵਿਚ ਪੇਸ਼ ਹੋਣਾ ਪਿਆ, ਦੇ ਵਿਰੁੱਧ ਦੋਸ਼ ਸਾਬਤ ਹੋਣ ਉੱਤੇ ਭਾਰੀ ਸਜ਼ਾ ਅਤੇ ਹਜ਼ਾਰਾਂ ਡਾਲਰ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਡਨੀ ਦੀ ਅਦਾਲਤ ਕੌਂਸਲ ਨਾਲ ਸੰਬੰਧਤ ਇਸ ਸਿਆਸੀ ਨੇਤਾ ਦੀ ਭੈਣ ਫਾਤਿਮਾ ਉੱਤੇ ਵੀ ਚੋਣ ਫੰਡਾਂ ਵਿਚ ਘਪਲੇਬਾਜ਼ੀ ਦੇ ਦੋਸ਼ ਲਾਏ ਗਏ ਹਨ। ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਸਲੀਮ ਨੇ ਚੋਣ ਕਮਿਸ਼ਨ ਨੂੰ ਕਈ ਵਾਰ ਫੰਡਾਂ ਸੰਬੰਧੀ ਗੁੰਮਰਾਹ ਕਰਨ ਵਾਲੀ ਜਾਣਕਾਰੀ ਦਿੱਤੀ ਹੈ, ਇਸ ਲਈ ਉਹ ਧੋਖਾਧੜੀ ਦਾ ਦੋਸ਼ੀ ਹੈ। ਅੱਜ ਏਜੰਸੀਆਂ ਦਾ ਕਹਿਣਾ ਹੈ ਕਿ ਸਲੀਮ ਨੇ ਆਪਣੀਆਂ ਕੰਪਨੀਆਂ (ਸਿਡਨੀ ਪ੍ਰਾਜੈਕਟ ਗਰੁੱਪ ਅਤੇ ਐਸ.ਈ. ਟੀ.ਸਰਵੀਸਿਜ਼) ਦੇ ਹਿਸਾਬ ਕਿਤਾਬ ਵਿਚ ਵੀ ਫਰਾਡ ਕੀਤਾ ਹੈ। ਇਸ ਮਾਮਲੇ ਦੀ ਅਗਲੀ ਅਦਾਲਤੀ ਸੁਣਵਾਈ 8 ਅਗਸਤ ਨੂੰ ਹੋਵੇਗੀ।