6 ਸਾਲਾਂ ਮਗਰੋਂ ਵੀ ਨਹੀਂ ਖੁੱਲ੍ਹ ਸਕਿਆ ਪੱਤਰਕਾਰ ਗੁਰਮੁੱਖ ਸਰਕਾਰੀਆ ਦੀ ਮੌਤ ਦਾ ਭੇਦ

01/15/2017 11:47:17 AM

ਰੋਮ,( ਵਿੱਕੀ ਬਟਾਲਾ )— ਇਟਲੀ ਦੇ ਪ੍ਰਸਿੱਧ ਪੱਤਰਕਾਰ ਅਤੇ ਲੇਖਕ ਸਵ:ਗੁਰਮੁੱਖ ਸਿੰਘ ਸਰਕਾਰੀਆ ਦੀ ਮੌਤ ਦੇ 6 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਸ ਦੀ ਮੌਤ ਦਾ ਕੋਈ ਭੇਦ ਨਹੀ ਖੁੱਲ੍ਹ ਸਕਿਆ। ਪੰਜਾਬ ''ਚ ਛੁੱਟੀ ਕੱਟ ਕੇ ਉਹ ਵਾਪਸ ਇਟਲੀ ਚਲਾ ਗਿਆ।
ਮਿਤੀ 18 ਜਨਵਰੀ 2010 ਨੂੰ ਮਿਲਾਨ ਏਅਰਪੋਰਟ ਤੋਂ ਆਪਣੇ ਨਜ਼ਦੀਕੀ ਸਾਥੀ ਪੱਤਰਕਾਰ ਵਿਸ਼ਾਲ ਨਾਲ ਘਰ ਵਾਪਸ ਪਰਤੇ ਸਰਕਾਰੀਆ ਦੀ ਇਟਲੀ ਦੇ ਪੋਅ ਦਰਿਆ ਚੋਂ 35 ਦਿਨਾਂ ਬਾਅਦ ਲਾਸ਼ ਮਿਲੀ ਸੀ। ਸ:ਸਰਕਾਰੀਆ ਦੀ ਮਾਤਾ ਨਛੱਤਰ ਕੌਰ ਅਤੇ ਭਰਾ ਹਰਜਿੰਦਰ ਸਿੰਘ ਨੇ ਬੀਤੇ ਦਿਨ ਵਿਚੈਸਾ ਨੇੜੇ ਸਥਿਤ ਉਨ੍ਹਾਂ ਦੇ ਘਰ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਭਾਵੇਂ ਕਿ ਇਟਲੀ ਪੁਲਸ ਵੱਲੋਂ ਸਰਕਾਰੀਆ ਦੀ ਮੌਤ ਦਾ ਰਹੱਸ ਜਾਨਣ ਲਈ ਲੋੜੀਂਦੀ 
ਢੁੱਕਵੀ ਕਾਰਵਾਈ ਕਰਦਿਆਂ ਬਾਰੀਕੀ ''ਚ ਛਾਣਬੀਣ ਵੀ ਕੀਤੀ ਗਈ ਪਰ ਫਿਰ ਵੀ ਪੁਲਸ ਦੇ ਹੱਥ ਕੋਈ ਠੋਸ ਸਬੂਤ ਨਹੀਂ ਲੱਗ ਸਕਿਆ ।
ਪੋਸਟ ਮਾਰਟਮ ਦੀ ਰਿਪੋਰਟ ਤੋਂ ਪੁਲਸ ਨੇ ਇਹ ਸਿੱਟਾ ਕੱਢਿਆ ਸੀ ਕਿ ਜਦੋਂ ਸ:ਸਰਕਾਰੀਆ ਦਰਿਆ ਵਿੱਚ ਡਿੱਗਿਆ ਹੋਵੇਗਾ ,ਉਦੋਂ ਉਹ ਜਿਊੁਂਦਾ ਸੀ ਕਿਉਂਕਿ ਉਸ ਦੇ ਫੇਫੜਿਆਂ ਚ ਪਾਣੀ ਭਰਿਆ ਸੀ।ਆਮ ਹਾਲਾਤਾਂ ਵਿੱਚ ਜਦੋਂ ਕੋਈ ਇਨਸਾਨ ਜਿਊਂਦਾ ਪਾਣੀ ਵਿੱਚ ਡਿੱਗਦਾ ਹੈ ਤਾਂ ਉਸ ਦੇ ਫੇਫੜਿਆਂ ਵਿੱਚ ਪਾਣੀ ਭਰ ਜਾਂਦਾ ਹੈ। ਜਦੋਂ ਕਿ ਮਰੇ ਵਿਅਕਤੀ ਨੂੰ ਪਾਣੀ ਵਿੱਚ ਸੁੱਟਣ ਸਮੇਂ ਫੇਫੜਿਆਂ ਵਿੱਚ ਪਾਣੀ ਨਹੀਂ ਭਰਦਾ ਕਿਉਂਕਿ ਉਸ ਸਮੇਂ ਫੇਫੜੇ ਬੰਦ ਹੋ ਚੁੱਕੇ ਹੁੰਦੇ ਹਨ। ਉਸ ਸਮੇਂ ਇਸ ਮਾਮਲੇ ਵਿੱਚ ਸਰਕਾਰੀਆ ਦੇ ਸਾਥੀ ਵਿਸ਼ਾਲ ਕੋਲੋਂ ਵੀ ਪੁਲਸ ਵਲੋਂ ਕਾਫੀ ਪੁੱਛ-ਗਿੱਛ ਕੀਤੀ ਗਈ ਸੀ।
ਦੱਸਣਯੋਗ ਹੈ ਕਿ ਉਸ ਰਾਤ ਧੁੰਦ ਵੀ ਕਾਫੀ ਪਈ ਹੋਈ ਸੀ ਅਤੇ ਇਨ੍ਹਾਂ ਕੁੱਝ ਮਾਤਰਾ ਵਿੱਚ ਸ਼ਰਾਬ ਵੀ ਪੀਤੀ ਹੋਈ ਜਦੋਂ ਕਿ ਪੁਲਸ ਨੇ ਦਰਿਆ ਦੇ ਕੰਢੇ ਅਤੇ ਇਨ੍ਹਾਂ ਦੀ ਗੱਡੀ ਨੂੰ ਰੋਕਣ ਲਈ ਰੈੱਡ ਇਸ਼ਾਰਾ ਦਿੱਤਾ ਸੀ। ਹੋ ਸਕਦਾ ਹੈ ਕਿ ਪੁਲਸ ਦੇ ਡਰ ਤੋਂ ਭੱਜਦਿਆਂ ਸ:ਸਰਕਾਰੀਆ ਆਪ ਹੀ ਦਰਿਆ ਵੱਲ ਜਾ ਕੇ ਪਾਣੀ ਵਿੱਚ ਡੁੱਬ ਗਏ ਹੋਣਗੇ।
ਜਲੰਧਰ ਜਿਲੇ ਦੇ ਪਿੰਡ ਢੱਡੇ ਦੇਸੀਆ ਨਾਲ ਸਬੰਧਿਤ ਸ:ਗੁਰਮੁੱਖ ਸਿੰਘ ਸਰਕਾਰੀਆ ਸਾਲ 1997 ਵਿੱਚ ਇਟਲੀ ਪਹੁੰਚੇ ਸਨ ਅਤੇ ਇੱਥੇ ਉਹ ਪੰਜਾਬੀ ਦੇ ਕਈ ਪ੍ਰਮੁੱਖ ਅਖਬਾਰਾਂ ਲਈ ਪੱਤਰਕਾਰੀ ਕਰਦੇ ਸਨ।