ਇਟਲੀ 'ਚ ਕਰੋਨਾਂ ਵਾਇਰਸ ਨਾਲ ਕੁਝ ਘੰਟਿਆਂ ਚ ਹੋਈਆਂ ਦੋ ਮੌਤਾਂ, 30 ਲੋਕ ਪੀੜਤ

02/22/2020 3:52:12 PM


ਮਿਲਾਨ— ਇਟਲੀ 'ਚ ਅੱਜ ਸਵੇਰੇ ਇਕ 78 ਸਾਲਾ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦੀ ਖਬਰ ਮਿਲੀ ਸੀ ਤੇ ਕੁੱਝ ਘੰਟਿਆਂ ਦੇ ਫਰਕ ਨਾਲ ਇਕ ਹੋਰ ਮੌਤ ਹੋਣ ਦੀ ਖਬਰ ਹੈ। ਦੱਸਿਆ ਜਾ  ਰਿਹਾ ਹੈ ਕਿ ਦੂਜੀ ਮੌਤ ਇਕ ਔਰਤ ਦੀ ਹੋਈ ਹੈ ਜੋ ਮਿਲਾਨ ਦੇ ਲੰਮਬਾਰਦੀਆ ਖੇਤਰ ਦੀ ਸੀ। ਉੱਤਰੀ ਇਟਲੀ 'ਚ ਸ਼ੁੱਕਰਵਾਰ ਨੂੰ ਸੂਬੇ ਲੰਮਬਾਰਦੀਆ 'ਚ 30 ਅਤੇ ਵੇਨੇਟੋ ਖੇਤਰ 'ਚ ਦੋ ਵਿਅਕਤੀਆਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ। ਇਸ ਤੋਂ ਪਹਿਲਾਂ 15-16 ਲੋਕਾਂ ਦੇ ਪੀੜਤ ਹੋਣ ਦੀ ਖਬਰ ਸੀ।

ਲਗਾਤਾਰ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵਧਣਾ ਚਿੰਤਾ ਦਾ ਵਿਸ਼ਾ ਹੈ ਅਤੇ ਲੋਕ ਕਾਫੀ ਡਰ ਗਏ ਹਨ। ਅਧਿਕਾਰੀਆਂ ਮੁਤਾਬਕ ਇਹ ਕੇਸ ਉਨ੍ਹਾਂ ਖੇਤਰਾਂ 'ਚੋਂ ਸਾਹਮਣੇ ਆ ਰਹੇ ਹਨ, ਜੋ ਇਟਲੀ ਦੀ ਵਿੱਤੀ ਰਾਜਧਾਨੀ ਆਖੇ ਜਾਣ ਵਾਲੇ ਰੋਮ ਸ਼ਹਿਰ ਤੋਂ ਹਨ। ਇਸ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਹਰ ਤਰ੍ਹਾਂ ਦੇ ਜਨਤਕ, ਧਾਰਮਿਕ ਸਮਾਗਮ ਅਤੇ ਖੇਡ ਸਮਾਗਮ ਰੱਦ ਕਰ ਦਿੱਤੇ ਗਏ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰੋਂ ਬਾਹਰ ਨਿਕਲਣ ਸਮੇਂ ਵਧੇਰੇ ਧਿਆਨ ਰੱਖਣ। ਜ਼ਿਕਰਯੋਗ ਹੈ ਕਿ ਚੀਨ 'ਚ ਕੋਰੋਨਾ ਵਾਇਰਸ ਕਾਰਨ 2300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।