ਕੋਵਿਡ -19 ਨੇ ਇਟਲੀ ''ਚ ਹੁਣ ਤੱਕ 129 ਡਾਕਟਰਾਂ, 34 ਨਰਸਾਂ ਅਤੇ 100 ਪਾਦਰੀਆਂ ਦੀ ਲਈ ਜਾਨ

04/20/2020 2:36:33 PM

ਰੋਮ, (ਕੈਂਥ)- ਸਮੁੱਚੇ ਵਿਸ਼ਵ ਵਿਚ ਕੋਵਿਡ-19 ਮਹਾਂਮਾਰੀ ਨੇ 1,61,402 ਲੋਕਾਂ ਨੂੰ ਦਮਘੁੱਟਵੀਂ ਮੌਤ ਵਾਲੀ ਸਦਾ ਦੀ ਨੀਂਦ ਸੁਲਾ ਦਿੱਤਾ ਹੈ। ਇਟਲੀ ਵਿਚ ਵੀ ਕੋਵਿਡ-19 ਨਾਲ ਹੁਣ ਤੱਕ 23,660 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਨ੍ਹਾਂ ਵਿਚ ਜ਼ਿਆਦਾਕਰ ਇਟਾਲੀਅਨ ਬਜ਼ੁਰਗ ਕੋਵਿਡ-19 ਦੇ ਵੱਧ ਸ਼ਿਕਾਰ ਹੋਏ ਹਨ ਜਿਹੜੇ ਕਿ ਪਹਿਲਾਂ ਵੀ ਕਿਸੇ ਕਰੋਨਿਕ (ਪੁਰਾਣੀ) ਬਿਮਾਰੀਆਂ ਜਿਵੇਂ ਸ਼ੂਗਰ,ਬੱਲਡ ਪ੍ਰੈਸ਼ਰ ,ਦਮਾ ਅਤੇ ਜੋੜਾਂ ਦੇ ਦਰਦ ਵਰਗੀਆਂ ਬਿਮਾਰੀਆਂ ਨਾਲ ਗ੍ਰਸਤ ਸਨ। 

ਇਸ ਸਮੇਂ ਜਿਹੜੇ ਇਟਲੀ ਕੋਵਿਡ-19 ਮਹਾਂਮਾਰੀ ਦਾ ਸ਼ਿਕਾਰ ਹੋ ਰਹੇ ਹਨ ਇਹ ਉਨ੍ਹਾਂ ਲੋਕਾਂ ਦੀ ਲਾਪਰਵਾਹੀ ਦਾ ਨਤੀਜਾ ਹੈ ਜਿਹਨਾਂ ਨੂੰ ਸਿਹਤ ਵਿਭਾਗ ਨੇ ਘਰ ਵਿੱਚ ਇਕੱਲੇ ਰਹਿਣ ਦੀ ਹਦਾਇਤ ਕੀਤੀ ਹੈ। ਅਜਿਹੇ ਲੋਕਾਂ ਨੂੰ ਕੋਵਿਡ-19 ਨਾਲ ਕੋਈ ਜ਼ਿਆਦਾ ਸਰੀਰਕ ਪ੍ਰੇਸ਼ਾਨੀ ਨਾ ਹੋਣ ਕਾਰਨ ਇਹ ਆਪਣੇ ਪਰਿਵਾਰ ਦੇ ਹੋਰ ਲੋਕਾਂ ਨਾਲ ਲਗਾਤਾਰ ਮੇਲ-ਜੋਲ ਰੱਖ ਰਹੇ ਹਨ, ਜਿਸ ਦੇ ਨਤੀਜੇ ਵਜੋਂ ਬਾਕੀ ਪਰਿਵਾਰ ਵੀ ਕੋਵਿਡ-19 ਦਾ ਸ਼ਿਕਾਰ ਹੋ ਰਿਹਾ। ਅਜਿਹੇ ਨਾਸਮਝ ਲੋਕਾਂ ਦੀ ਗਲਤੀ ਨਾਲ ਇਟਲੀ ਵਿੱਚ ਨਵੇਂ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਉਂਝ ਸਰਕਾਰ ਨੇ ਦੇਸ਼ ਭਰ ਵਿਚ ਲਾਕਡਾਊਨ ਨਾਲ ਪੂਰੀ ਸਥਿਤੀ ਨੂੰ ਕਾਬੂ ਵਿਚ ਕਰ ਲਿਆ । ਹਰ ਰੋਜ਼ 2000 ਦੇ ਕਰੀਬ ਕੋਵਿਡ-19 ਦੇ ਮਰੀਜ਼ ਕੋਰੋਨਾ ਵਾਇਰਸ ਨੂੰ ਹਰਾਉਣ ਵਿਚ ਕਾਮਯਾਬ ਹੋ ਰਹੇ ਹਨ। 

ਇਟਲੀ ਦੀ ਕੋਵਿਡ -19 ਵਿਰੁੱਧ ਲੜੀ ਜਾ ਰਹੀ ਜੰਗ ਵਿਚ ਜਿੱਥੇ ਸਿਵਲ ਸੁਰੱਖਿਆ ਵਿਭਾਗ, ਪੁਲਸ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਵਾਲੇ ਆਪਣੇ ਜਾਨ ਦੀ ਪਰਵਾਹ ਕੀਤੇ ਬਿਨਾਂ ਦਿਨ -ਰਾਤ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਸੰਘਰਸ਼ਸ਼ੀਲ ਹੈ, ਉਨ੍ਹਾਂ ਨੂੰ ਇਟਲੀ ਦੇ ਆਮ ਨਾਗਰਿਕ ਦਿਲੋਂ ਸਲਾਮ ਕਰਦੇ ਹਨ। ਦੇਸ਼ ਭਗਤੀ ਦੇ ਇਨ੍ਹਾਂ ਸੂਰਮਿਆਂ ਲਈ ਦੁੱਖ ਦੀ ਗੱਲ ਇਹ ਵੀ ਹੈ ਕਿ ਹੁਣ ਤੱਕ ਇਟਲੀ ਭਰ ਵਿਚ 129 ਡਾਕਟਰ ਤੇ 34 ਨਰਸਾਂ ਕੋਵਿਡ-19 ਖਿਲਾਫ਼ ਲੱਗੀ ਜੰਗ ਵਿਚ ਆਪਣੇ ਫਰਜ਼ ਲਈ ਕੁਰਬਾਨ ਹੋ ਚੁੱਕੇ ਹਨ, ਜਦੋਂ ਕਿ 8,800 ਹੋਰ ਨਰਸਾਂ ਇਸ ਸਮੇਂ ਕੋਵਿਡ-19 ਨਾਲ ਪ੍ਰਭਾਵਿਤ ਹਨ। ਦੇਸ਼ ਭਰ ਵਿੱਚ 100 ਪਾਦਰੀ ਵੀ ਅਜਿਹੇ ਹਨ ਜਿਨ੍ਹਾਂ ਨੂੰ ਕੋਵਿਡ-19 ਮਹਾਂਮਾਰੀ ਦਰਦਨਾਕ ਮੌਤ ਦੇ ਚੁੱਕਾ ਹੈ। ਇਨ੍ਹਾਂ ਪਾਦਰੀਆਂ ਵਿਚ ਕੁਝ ਆਪਣੀਆਂ ਚਰਚ ਸੇਵਾਵਾਂ ਤੋਂ ਮੁਕਤ ਹੋ ਚੁੱਕੇ ਸਨ ਜਦੋਂ ਕਿ ਕੁਝ ਮੌਜੂਦਾ ਸਮੇਂ ਵਿੱਚ ਆਪਣੀਆਂ ਸੇਵਾਵਾਂ ਚਰਚਾਂ ਵਿਚ ਦੇ ਰਹੇ ਸਨ।

ਪੱਛਮੀ ਦੇਸ਼ਾਂ ਦਾ ਸਿਹਤ ਵਿਭਾਗ ਇਸ ਗੱਲ ਨੂੰ ਮੰਨ ਰਿਹਾ ਹੈ ਕਿ ਕੋਵਿਡ-19 ਨਾਲ ਉਨ੍ਹਾਂ ਦੇਸ਼ਾਂ ਵਿੱਚ ਵਧੇਰੇ ਮੌਤਾਂ ਹੋ ਰਹੀਆਂ ਹਨ, ਜਿੱਥੇ ਕਿ ਦੇਸ਼ ਦੇ ਨਾਗਰਿਕਾਂ ਨੂੰ ਬੀ. ਸੀ. ਜੀ. ਆਦਿ ਦੀ ਵੈਕਸੀਨੇਸ਼ਨ ਬਚਪਨ ਵਿਚ ਨਹੀਂ ਹੁੰਦੀ। ਯੂਰਪ ਦੇ ਕਈ ਦੇਸ਼ਾਂ ਸਣੇ ਅਮਰੀਕਾਂ ਵਰਗੇ ਦੇਸ਼ ਵੀ ਬੀ. ਸੀ. ਜੀ. ਦੀ ਵੈਕਸੀਨੇਸ਼ਨ ਜ਼ਰੂਰੀ ਨਹੀਂ ਸਮਝਦੇ ਜਿਸ ਕਾਰਨ ਵਧੇਰੇ ਲੋਕਾਂ ਦੀ ਅੰਦਰੂਨੀ ਸ਼ਕਤੀ ਕਮਜ਼ੋਰੀ ਹੁੰਦੀ ਹੈ ਤੇ ਕੋਵਿਡ-19 ਵਧੇਰੇ ਅਜਿਹੇ ਲੋਕਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦਾ ਹੈ। ਇਟਲੀ ਵਿਚ ਵੀ ਇਟਾਲੀਅਨ ਲੋਕਾਂ ਦੀ ਮੌਤ ਜ਼ਿਆਦਾ ਹੋਣ ਦਾ ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਤੇ ਭਾਰਤ ਵਰਗੇ ਕਈ ਦੇਸ਼ਾਂ ਵਿਚ ਬੱਚਿਆਂ ਨੂੰ ਬੀ. ਸੀ. ਜੀ. ਸਣੇ ਕਈ ਹੋਰ ਬਿਮਾਰੀਆਂ ਨਾਲ ਲੜਨਯੋਗ ਬਣਾਉਣ ਲਈ ਟੀਕੇ ਲਗਾਏ ਜਾਂਦੇ ਹਨ।

Lalita Mam

This news is Content Editor Lalita Mam