ਕੋਵਿਡ-19 ਸਰੀਰ ਦੇ ਕਿਹੜੇ ਅੰਗਾਂ 'ਤੇ ਕਰਦਾ ਹੈ ਮਾਰ, ਵਿਗਿਆਨੀਆਂ ਕੀਤੇ ਹੈਰਾਨ ਕਰਦੇ ਖੁਲਾਸੇ

08/24/2020 11:51:55 PM

ਮੈਲਬੋਰਨ (ਇੰਟ.): ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦਾ ਪਤਾ ਲਗਾਉਣ ਦੇ ਲਈ ਵਿਗਿਆਨੀਆਂ ਨੇ ਇਕ ਅਜਿਹਾ ਮੈਟਾਬੋਲਿਕ ਮਾਡਲ ਵਿਕਸਿਤ ਕੀਤਾ ਹੈ, ਜੋ ਇਹ ਅੰਦਾਜ਼ਾ ਲਗਾ ਸਕਦਾ ਹੈ ਕਿ ਵਾਇਰਸ ਸਰੀਰ ਦੇ ਕਿਹੜੇ ਹਿੱਸਿਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਵਿਗਿਆਨੀਆਂ ਨੇ ਕਿਹਾ ਕਿ ਇਸ ਮਾਡਲ ਦੇ ਰਾਹੀਂ ਅਧਿਐਨ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੋਰੋਨਾ ਵਾਇਰਸ ਮਲਟੀ-ਆਰਗਨ ਮੈਟਾਬਾਲਿਕ ਡਿਜ਼ੀਜ਼ ਹੈ ਮਤਲਬ ਇਹ ਕਿ ਇਕ ਅਜਿਹੀ ਬੀਮਾਰੀ ਜੋ ਸਰੀਰ ਦੇ ਜ਼ਿਆਦਾਤਰ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦਾ ਇਨਫੈਕਸ਼ਨ ਹੋਣ 'ਤੇ ਨਾ ਸਿਰਫ ਸਾਹ ਸਬੰਧੀ ਸਮੱਸਿਆਵਾਂ ਹੁੰਦੀਆਂ ਹਨ ਬਲਕਿ ਇਸ ਨਾਲ ਮੈਟਾਬੋਲਿਕ ਮਤਲਬ ਪਾਚਨ ਕਿਰਿਆ ਸਬੰਧੀ ਵਿਕਾਰ ਵੀ ਸਾਹਮਣੇ ਆਉਣ ਲੱਗਦੇ ਹਨ।

ਇਸ ਅਧਿਐਨ ਦੇ ਲਈ ਆਸਟਰੇਲੀਆ ਦੀ ਮਰਡੋਕ ਯੂਨੀਵਰਸਿਟੀ ਤੇ ਬ੍ਰਿਟੇਨ ਦੀ ਕੈਂਬ੍ਰਿਜ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕੋਰੋਨਾ ਪਾਜ਼ੇਟਿਵ ਰੋਗੀਆਂ ਦੇ ਇਕ ਸਮੂਹ ਤੋਂ ਪਲਾਜ਼ਮਾ ਦੇ ਨਮੂਨੇ ਇਕੱਠੇ ਕੀਤੇ ਤੇ ਉਨ੍ਹਾਂ ਦਾ ਮਿਲਾਨ ਸਿਹਤਮੰਦ ਲੋਕਾਂ ਦੇ ਨਮੂਨਿਆਂ ਨਾਲ ਕੀਤਾ, ਤਾਂਕਿ ਇਹ ਗੱਲ ਨਿਰਧਾਰਿਤ ਕੀਤੀ ਜਾ ਸਕੇ ਕਿ ਦੋਵਾਂ ਸਮੂਹਾਂ ਦੇ ਨਮੂਨਿਆਂ ਵਿਚ ਕੀ ਮੈਟਾਬੋਲਿਕ ਭਿੰਨਤਾਵਾਂ ਹਨ।

ਬਦਲ ਜਾਂਦੀ ਹੈ ਪੂਰੇ ਸਰੀਰ ਦੀ ਕੈਮਿਸਟ੍ਰੀ
ਖੋਜਕਾਰਾਂ ਨੇ ਕਿਹਾ ਕਿ ਨਮੂਨਿਆਂ ਵਿਚ ਕਈ ਬੀਮਾਰੀਆਂ ਦੇ ਬਾਇਓਲਾਜਿਕਲ ਫਿੰਗਰਪ੍ਰਿੰਟ ਮਿਲੇ, ਜਿਸ ਵਿਚ ਲਿਵਰ ਦੇ ਖਰਾਬ ਹੋਣ, ਡਾਇਬਟੀਜ਼ ਤੇ ਕੋਰੋਨਰੀ ਹਾਰਟ ਡਿਜ਼ੀਜ਼ ਦੇ ਖਤਰੇ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਸਾਰਸ-ਸੀਓਵੀ-2 ਵਾਇਰਸ ਨਾਲ ਇਨਫੈਕਟਿਡ ਸਨ, ਉਨ੍ਹਾਂ ਵਿਚ ਇਨ੍ਹਾਂ ਰੋਗਾਂ ਦੀ ਲੰਬਾ ਅਸਰ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਵਿਅਕਤੀ ਇਸ ਤਰ੍ਹਾਂ ਦੀਆਂ ਬੀਮਾਰੀਆਂ ਦੀ ਚਪੇਟ ਵਿਚ ਆਉਂਦਾ ਹੈ ਤਾਂ ਕੁਝ ਸਮੇਂ ਦੇ ਲਈ ਇਹ ਬਾਇਓਲਾਜੀਕਲ ਫਿੰਗਰਪ੍ਰਿੰਟ ਪੂਰੇ ਸਰੀਰ ਦੀ ਕੈਮਿਸਟ੍ਰੀ ਬਦਲ ਦਿੰਦੀਆਂ ਹਨ, ਜਿਸ ਦਾ ਅਸਰ ਸਰਰੀਰ ਦੇ ਕਈ ਅੰਗਾਂ ਵਿਚ ਦੇਖਣ ਨੂੰ ਮਿਲਦਾ ਹੈ।

ਫੇਫੜਿਆਂ ਦੇ ਨਾਲ ਲਿਵਰ 'ਤੇ ਵੀ ਅਸਰ
ਮਰਡੋਕ ਯੂਨੀਵਰਸਿਟੀ ਦੇ ਪ੍ਰੋਫੈਸਰ ਜੇਰੇਮੀ ਨਿਕੋਲਸਨ ਨੇ ਕਿਹਾ ਕਿ ਇਹ ਅਧਿਐਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਦੱਸਦਾ ਹੈ ਕਿ ਕੋਰੋਨਾ ਦਾ ਇਨਫੈਕਸ਼ਨ ਹੋਣ 'ਤੇ ਸਰੀਰ ਦੇ ਕਈ ਅੰਗ ਪ੍ਰਭਾਵਿਤ ਹੁੰਦੇ ਹਨ। ਇਸ ਦਾ ਸਭ ਤੋਂ ਵਧੇਰੇ ਅਸਰ ਫੇਫੜਿਆਂ 'ਤੇ ਪੈਂਦਾ ਹੈ ਤੇ ਕਈ ਮਰੀਜ਼ਾਂ ਵਿਚ ਲਿਵਰ ਖਰਾਬ ਹੋਣ ਦੇ ਸੰਕੇਤ ਮਿਲੇ ਹਨ। ਉਨ੍ਹਾਂ ਕਿਹਾ ਕਿ ਕਈ ਮੈਟਾਬੋਲਿਕ ਫੀਚਰ ਆਮ ਪ੍ਰੀਖਣਾਂ ਵਿਚ ਫੜੇ ਨਹੀਂ ਜਾ ਸਕਦੇ ਤੇ ਸਮੇਂ ਦੇ ਨਾਲ ਇਸ ਵਿਚ ਬਦਲਾਅ ਹੋਣ ਨਾਲ ਬੀਮਾਰੀਆਂ ਹੋਰ ਵਧ ਜਾਂਦੀਆਂ ਹਨ। ਅਜਿਹੇ ਵਿਚ ਸਾਡਾ ਮੈਟਾਬੋਲਿਕ ਮਾਡਲ ਕਾਫੀ ਮਦਦਗਾਰ ਹੋ ਸਕਦਾ ਹੈ ਤੇ ਸਮਾਂ ਰਹਿੰਦਿਆਂ ਲੋਕਾਂ ਦੀ ਬੀਮਾਰੀ ਦਾ ਇਲਾਜ ਹੋ ਸਕਦਾ ਹੈ।

ਇਸ ਲਈ ਬੱਚਿਆਂ 'ਤੇ ਜ਼ਿਆਦਾ ਅਸਰ ਨਹੀਂ ਕਰਦਾ ਕੋਰੋਨਾ
ਬੱਚਿਆਂ ਵਿਚ ਕੋਰੋਨਾ ਦਾ ਅਸਰ ਘੱਟ ਕਿਉਂ ਹੋ ਜਾਂਦਾ ਹੈ, ਇਸ ਗੱਲ ਦਾ ਵਿਗਿਆਨੀਆਂ ਨੇ ਪਤਾ ਲਗਾ ਲਿਆ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਟੈਕਸਾਸ ਹੈਲਥ ਸਾਈਂਸ ਸੈਂਟਰ ਦੇ ਵਿਗਿਆਨੀਆਂ ਨੇ ਕਿਹਾ ਕਿ ਮਨੁੱਖਾਂ ਵਿਚ ਮਿਲਣ ਵਾਲਾ ਅਣੂ ਏਂਜਿਯੋਟੇਂਸਿਨ ਜਾਂ ਏ.ਸੀ.ਈ.-2 ਨਬਾਲਗਾਂ ਦੇ ਮੁਕਾਬਲੇ ਬੱਚਿਆਂ ਵਿਚ ਘੱਟ ਗਿਣਤੀ ਵਿਚ ਮਿਲਦਾ ਹੈ। ਇਹ ਅਣੂ ਕੋਰੋਨਾ ਵਾਇਰਸ ਨੂੰ ਕੋਸ਼ਿਕਾਵਾਂ ਤੱਕ ਪਹੁੰਚਾਉਣ ਵਿਚ ਮਦਦ ਕਰਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਬੱਚਿਆਂ ਵਿਚ ਰੋਗ ਪ੍ਰਤੀਰੋਧਕ ਪ੍ਰਣਾਲੀ ਕਿਸ਼ੋਰਾਂ ਦੇ ਮੁਕਾਬਲੇ ਅਲੱਗ ਤਰੀਕੇ ਨਾਲ ਕੰਮ ਕਰਦੀ ਹੈ ਜਿਸ ਨਾਲ ਬੱਚਿਆਂ ਵਿਚ ਗੰਭੀਰ ਬੀਮਾਰੀ ਹੋਣ ਦਾ ਖਤਰਾ ਘੱਟ ਰਹਿੰਦਾ ਹੈ।

Baljit Singh

This news is Content Editor Baljit Singh