ਕੋਰੋਨਾ ਕਹਿਰ 'ਤੇ ਬੋਲੇ ਟਰੰਪ, ਵਿਅਤਨਾਮ ਯੁੱਧ ਤੋਂ ਵੀ ਵਧੇਰੇ ਅਮਰੀਕੀਆਂ ਦੀ ਗਈ ਜਾਨ

04/29/2020 6:13:31 PM

ਵਾਸ਼ਿੰਗਟਨ- ਕੋਰੋਨਾ ਮਹਾਮਾਰੀ ਨਾਲ ਅਮਰੀਕਾ ਵਿਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ 58,300 ਹੋ ਗਈ ਹੈ। ਮੌਤ ਦਾ ਇਹ ਭਿਆਨਕ ਅੰਕੜਾ 1955 ਤੋਂ 1975 ਤੱਕ ਚੱਲੇ ਵਿਅਤਨਾਮ ਯੁੱਧ ਤੋਂ ਵੀ ਵਧੇਰਾ ਹੈ। ਅੰਕੜਿਆਂ ਮੁਤਾਬਕ ਵਿਅਤਨਾਮ ਦੀ ਜੰਗ ਵਿਚ 58,220 ਅਮਰੀਕੀ ਫੌਜੀ ਮਾਰੇ ਗਏ ਸਨ। ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ 10 ਲੱਖ ਤੋਂ ਪਾਰ ਗੋ ਗਈ ਹੈ। ਇਹ ਦੁਨੀਆ ਭਰ ਵਿਚ ਕੋਰੋਨਾ ਪੀੜਤਾਂ ਦਾ ਇਕ ਤਿਹਾਈ ਹੈ।

ਕੋਰੋਨਾ ਮਹਾਮਾਰੀ ਦੌਰਾਨ ਲੱਖਾਂ ਲੋਕਾਂ ਨੇ ਦਿੱਤਾ ਬਲਿਦਾਨ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਮਹਾਮਾਰੀ ਦੌਰਾਨ ਲੱਖਾਂ ਲੋਕਾਂ ਨੇ ਬਲਿਦਾਨ ਦਿੱਤਾ ਹੈ। ਇਹ ਅਜਿਹਾ ਬਲਿਦਾਨ ਹੈ, ਜਿਸ ਦੇ ਬਾਰੇ ਵਿਚ ਕਿਸੇ ਨੇ ਸੋਚਿਆ ਨਹੀਂ ਸੀ। ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਅਸੀਂ ਕਦੇ ਇਸ ਤਰ੍ਹਾਂ ਦੀ ਗੱਲ ਕਰਾਂਗੇ। ਅਸੀਂ ਪੀੜਤਾਂ ਦੇ ਨਾਲ-ਨਾਲ ਉਹਨਾਂ ਅਮਰੀਕੀਆਂ ਦੇ ਲਈ ਵੀ ਪ੍ਰਾਰਥਨਾ ਕਰਾਂਗੇ, ਜਿਹਨਾਂ ਨੇ ਆਪਣੇ ਪਿਆਰਿਆਂ ਨੂੰ ਗੁਆਇਆ ਹੈ। ਇਸ ਤਰ੍ਹਾਂ ਦੀ ਆਪਦਾ ਪਹਿਲਾਂ ਕਦੇ ਨਹੀਂ ਦੇਖੀ ਗਈ। ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਹੋਰ ਮਜ਼ਬੂਤ ਹੋ ਕੇ ਪਰਤਾਂਗੇ। ਮਾਹਰਾਂ ਦੇ ਮੁਤਾਬਕ ਸਭ ਤੋਂ ਬੁਰੇ ਦਿਨ ਬੀਤ ਚੁੱਕੇ ਹਨ ਤੇ ਅਰਥਵਿਵਸਥਾ ਫਿਰ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੀ ਹੈ।

ਕਈ ਸੂਬਿਆਂ ਨੇ ਅਰਥਵਿਵਸਥਾ ਮੁੜ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ
ਅਮਰੀਕਾ ਦੇ ਕਈ ਸੂਬਿਆਂ ਨੇ ਆਪਣੀ ਅਰਥਵਿਵਸਥਾ ਨੂੰ ਮੁੜ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕੈਲੀਫੋਰਨੀਆ ਦੇ ਗਵਰਨਰ ਗੋਵਿਨ ਨਿਊਸੋਮ ਨੇ ਲੜੀਬੱਧ ਤਰੀਕੇ ਨਾਲ ਲਾਕਡਾਊਨ ਖੋਲ੍ਹਣ ਦੀ ਯੋਜਨਾ ਤਿਆਰ ਕੀਤੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਅਸੀਂ ਕੋਰੋਨਾ ਵਾਇਰਸ ਦੇ ਇਲਾਜ ਦੀ ਵੈਕਸੀਨ ਨਹੀਂ ਬਣਾ ਲੈਂਦੇ ਉਦੋਂ ਤੱਕ ਵਿਗਿਆਨਕ ਤੱਥਾਂ ਦੇ ਆਧਾਰ 'ਤੇ ਹੀ ਅਰਥਵਿਵਸਥਾ ਨੂੰ ਖੋਲ੍ਹਾਂਗੇ। ਕੈਲੀਫੋਰਨੀਆ ਤੇ ਵਾਸ਼ਿੰਗਟਨ ਪਹਿਲੇ ਦੋ ਸੂਬੇ ਸਨ, ਜਿਹਨਾਂ ਨੇ ਆਪਣੇ ਨਾਗਰਿਕਾਂ ਦੇ ਕਈ ਘਰੇ ਰਹਿਣ ਦੇ ਹੁਕਮ ਜਾਰੀ ਕੀਤੇ ਸਨ। ਟੇਨੇਸੀ ਨੇ ਸੋਮਵਾਰ ਨੂੰ ਰੈਸਤਰਾਂ ਫਿਰ ਖੋਲ੍ਹਣ ਦੀ ਆਗਿਆ ਦੇ ਦਿੱਤੀ। ਇਸ ਹਫਤੇ ਦੇ ਅਖੀਰ ਤੱਕ ਖੁਦਰਾ ਦੁਕਾਨਾਂ ਨੂੰ ਵੀ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ। ਪੈਂਸਲਵੇਨੀਆ ਨੇ ਵੀ ਤਿੰਨ ਮਈ ਤੋਂ ਤਿੰਨ ਪੜਾਅ ਵਿਚ ਲਾਕਡਾਊਨ ਹਟਾਉਣ ਦਾ ਐਲਾਨ ਕੀਤਾ ਹੈ।

ਕਿਉਂ ਹੋਇਆ ਸੀ ਵਿਅਤਨਾਮ ਯੁੱਧ
ਇਸ ਜੰਗ ਵਿਚ ਉੱਤਰੀ ਵਿਅਤਨਾਮ ਦੇ ਨਾਲ ਕਮਿਊਨਿਸਟ ਸਮਰਥਕ ਦੇਸ਼ ਸਨ ਜਦਕਿ ਦੱਖਣੀ ਵਿਅਤਨਾਮ ਵੱਲ ਕਮਿਊਨਿਸਟ ਵਿਰੋਧੀ ਅਮਰੀਕਾ ਤੇ ਉਸ ਦੇ ਸਹਿਯੋਗੀ ਲੜ ਰਹੇ ਸਨ। ਜੰਗ ਵਿਚ ਅਮਰੀਕਾ ਦੀ ਅਸਲ ਭੂਮਿਕਾ 9 ਫਰਵਰੀ ਨੂੰ ਸ਼ੁਰੂ ਹੋਈ, ਜਦੋਂ ਉਸ ਨੇ ਆਪਣੀ ਫੌਜ ਵਿਅਤਨਾਮ ਭੇਜੀ। 1969 ਵਿਚ ਜੰਗ ਚੋਟੀ 'ਤੇ ਸੀ। ਅਮਰੀਕਾ ਨੇ ਪੰਜ ਲੱਖ ਫੌਜੀ ਜੰਗ ਵਿਚ ਉਤਾਰ ਦਿੱਤੇ। ਬਾਅਦ ਵਿਚ ਜਨਤਾ ਤੇ ਵਿਰੋਧੀ ਧਿਰ ਦੇ ਦਬਾਅ ਤੋਂ ਬਾਅਦ 1973 ਵਿਚ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਫੌਜ ਵਾਪਸ ਬੁਲਾ ਲਈ। ਇਸ ਤੋਂ ਬਾਅਦ 1975 ਵਿਚ ਕਮਿਊਨਿਸਟ ਫੌਜ ਨੇ ਵਿਅਤਨਾਮ ਦੇ ਸਭ ਤੋਂ ਵੱਡੇ ਸ਼ਹਿਰ ਸਾਈਗੋਨ 'ਤੇ ਕਬਜ਼ਾ ਕਰ ਲਿਆ ਤੇ ਇਸ ਦੇ ਨਾਲ ਹੀ ਜੰਗ ਖਤਮ ਹੋ ਗਈ। 

Baljit Singh

This news is Content Editor Baljit Singh