ਵਿਸ਼ਵ ਭਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 15 ਲੱਖ ਤੋਂ ਪਾਰ, ਜਾਣੋ USA ਸਣੇ ਹੋਰ ਦੇਸ਼ਾਂ ਦਾ ਹਾਲ

04/09/2020 8:15:24 AM

ਵਾਸ਼ਿੰਗਟਨ : ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 15 ਲੱਖ ਤੋਂ ਪਾਰ ਭਾਵ 15,14,866 ਹੋ ਗਈ ਹੈ ਅਤੇ 88,415 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਤੇਜ਼ੀ ਨਾਲ ਹਾਲ ਹੀ ਦੇ ਦਿਨਾਂ ਵਿਚ USA, ਸਪੇਨ ਵਿਚ ਵਧੀ ਹੈ। ਹੁਣ ਇਹ ਦੋਵੇਂ ਮੁਲਕ ਮਰੀਜ਼ਾਂ ਦੇ ਮਾਮਲੇ ਵਿਚ ਇਟਲੀ ਤੋਂ ਅੱਗੇ ਨਿਕਲ ਗਏ ਹਨ ਪਰ ਮ੍ਰਿਤਕਾਂ ਦੀ ਸਭ ਤੋਂ ਵੱਧ ਗਿਣਤੀ ਇਟਲੀ ਵਿਚ ਹੈ।

USA ਤੇ ਇਸ ਦਾ ਸ਼ਹਿਰ ਨਿਊਯਾਰਕ
ਵਿਸ਼ਵ ਦੇ ਸਭ ਤੋਂ ਤਾਕਤਵਰ ਮੁਲਕ ਯੂ. ਐੱਸ. ਏ. ਵਿਚ ਹੁਣ ਤੱਕ 14,768 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਪੀੜਤਾਂ ਦੀ ਗਿਣਤੀ ਸਭ ਤੋਂ ਵੱਧ ਹੈ, ਜੋ 4,31,838 ‘ਤੇ ਪੁੱਜ ਗਈ ਹੈ। ਸਭ ਤੋਂ ਵੱਧ ਪ੍ਰਭਾਵਿਤ ਨਿਊਯਾਰਕ ਸੂਬਾ ਹੈ ਅਤੇ ਇਸ ਦੀ ਨਿਊਯਾਰਕ ਸਿਟੀ ਵਿਚ ਹੁਣ ਤੱਕ 4,571 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਗਈ ਹੈ। ਵ੍ਹਾਈਟ ਹਾਊਸ ਨੂੰ ਖਦਸ਼ਾ ਹੈ ਕਿ ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿਚ 1 ਲੱਖ ਤੋਂ 2.40 ਲੱਖ ਵਿਚਕਾਰ ਮੌਤਾਂ ਹੋ ਸਕਦੀਆਂ ਹਨ।

ਸਪੇਨ, ਜਰਮਨੀ

ਸਪੇਨ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 1,48,220 ਹੋ ਗਈ ਹੈ ਅਤੇ 14,792 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ,ਜਰਮਨੀ ਵਿਚ ਮ੍ਰਿਤਕਾਂ ਦੀ ਗਿਣਤੀ 2,349 'ਤੇ ਪਹੁੰਚ ਗਈ ਹੈ ਅਤੇ ਤਕਰੀਬਨ 1,13,296 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਜਰਮਨੀ ਵਿਚ 46,300 ਲੋਕਾਂ ਦੀ ਸਿਹਤ ‘ਚ ਸੁਧਾਰ ਹੋਣ ‘ਤੇ ਉਨ੍ਹਾਂ ਨੂੰ ਛੁੱਟੀ ਮਿਲ ਚੁੱਕੀ ਹੈ।

ਇਟਲੀ, ਫਰਾਂਸ

ਇਟਲੀ ਵਿਚ ਹੁਣ ਮੌਤਾਂ ਦੀ ਗਿਣਤੀ 17,669 ਹੋ ਗਈ ਹੈ। ਇੱਥੇ ਪੀੜਤਾਂ ਦੀ ਗਿਣਤੀ 1,39,422 ਦਰਜ ਕੀਤੀ ਗਈ ਹੈ। ਓਧਰ, ਫਰਾਂਸ ਵਿਚ 10,887 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਨੇ ਕੋਰੋਨਾ ਵਾਇਰਸ ਦੇ ਹੁਣ ਤੱਕ 1,13,965 ਮਾਮਲੇ ਦਰਜ ਕੀਤੇ ਹਨ, ਜਿਸ ਵਿਚੋਂ 21,461 ਲੋਕਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਇਟਲੀ ਦਾ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਲੋਂਬਾਰਡੀ ਹੈ।

ਚੀਨ, ਪਾਕਿਸਤਾਨ

ਕੋਰੋਨਾ ਵਾਇਰਸ ਦੀ ਸ਼ੁਰੂਆਤ ਜਿਸ ਚੀਨ ਤੋਂ ਹੋਈ, ਉੱਥੇ ਇਸ ਵਕਤ ਮੌਤਾਂ ਦੀ ਗਿਣਤੀ 3,337 ਦੱਸੀ ਜਾ ਰਹੀ ਹੈ, ਜਦੋਂ ਕਿ ਮਾਹਰਾਂ ਨੂੰ ਇਸ 'ਤੇ ਖਦਸ਼ਾ ਹੈ। ਪਿਛਲੇ ਸਾਲ ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਸ਼ਹਿਰ ਤੋਂ ਵਾਇਰਸ ਫੈਲਣ ਦੀ ਸ਼ੁਰੂਆਤ ਹੋਈ ਸੀ। ਇੱਥੇ ਪੀੜਤਾਂ ਦੀ ਗਿਣਤੀ 82,809 ਹੋ ਚੁੱਕੀ ਹੈ। ਉੱਥੇ ਹੀ, ਪਾਕਿਸਤਾਨ ਵਿਚ 61 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 4,263 ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਪਾਕਿਸਤਾਨੀ ਪੰਜਾਬ ਇਸ ਦਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ, ਦੂਜੇ ਨੰਬਰ 'ਤੇ ਸਿੰਧ ਹੈ।


 

ਆਸਟ੍ਰੇਲੀਆ, ਕੈਨੇਡਾ

ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 50 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇੱਥੇ 6,010 ਲੋਕ ਕੋਰੋਨਾ ਦੀ ਲਪੇਟ ਵਿਚ ਹਨ। ਇਸ ਦਾ ਸਭ ਤੋਂ ਵੱਧ ਨਿਊ ਸਾਊਥ ਵੇਲਜ਼ ਸੂਬਾ ਪ੍ਰਭਾਵਿਤ ਹੋਇਆ ਹੈ, ਜਿੱਥੇ 21 ਮੌਤਾਂ ਹੋਈਆਂ ਹਨ। ਕੈਨੇਡਾ ਵਿਚ ਕੋਰੋਨਾ ਦੇ 19,290 ਮਾਮਲੇ ਸਾਹਮਣੇ ਆਏ ਹਨ ਅਤੇ ਇੱਥੇ ਹੁਣ ਤੱਕ 431 ਲੋਕਾਂ ਦੀ ਮੌਤ ਹੋ ਚੁੱਕੀ ਹੈ। 174 ਮੌਤਾਂ ਇਕੱਲੇ ਓਂਟਾਰੀਓ ਵਿਚ ਦਰਜ ਹੋਈਆਂ ਹਨ।

ਭਾਰਤ, UK, ਸਵਿਟਜ਼ਰਲੈਂਡ

ਭਾਰਤ ਵਿਚ ਹੁਣ ਤਕ 4,714 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 410 ਨੂੰ ਠੀਕ ਹੋਣ 'ਤੇ ਛੁੱਟੀ ਦੇ ਦਿੱਤੀ ਗਈ ਹੈ ਅਤੇ 149 ਮੌਤਾਂ ਹੋ ਚੁੱਕੀਆਂ ਹਨ। ਜੋਨਸ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ, UK ਵਿਚ ਹੁਣ ਤਕ 7,111 ਮੌਤਾਂ ਹੋ ਚੁੱਕੀਆਂ ਹਨ ਅਤੇ ਪੀੜਤਾਂ ਦੀ ਗਿਣਤੀ 61,474 ਹੋ ਗਈ ਹੈ। ਉੱਥੇ ਹੀ, ਸਵਿਟਜ਼ਰਲੈਂਡ ਵਿਚ 895 ਮੌਤਾਂ ਤੇ 23,280  ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। 
 

Lalita Mam

This news is Content Editor Lalita Mam