ਹਵਾ ''ਚ ਵੀ ਜਿਊਂਦਾ ਰਹਿੰਦਾ ਹੈ ਕੋਰੋਨਾ ਵਾਇਰਸ, ਨਵੀਂ ਸੋਧ ''ਚ ਹੋਇਆ ਖੁਲਾਸਾ

03/19/2020 11:44:22 AM

ਵਾਸ਼ਿੰਗਟਨ— ਕੋਰੋਨਾ ਵਾਇਰਸ ਨੂੰ ਲੈ ਕੇ ਇਕ ਨਵੀਂ ਸੋਧ ਕੀਤੀ ਗਈ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਹਵਾ 'ਚ 3 ਘੰਟਿਆਂ ਤਕ ਜਿਊਂਦਾ ਰਹਿ ਸਕਦਾ ਹੈ। ਖੁੱਲ੍ਹੀ ਸਤ੍ਹਾ 'ਤੇ ਇਹ ਕਈ ਦਿਨਾਂ ਤਕ ਜਿਊਂਦਾ ਰਹਿ ਸਕਦਾ ਹੈ। ਅਮਰੀਕਾ 'ਚ 'ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਅਤੇ ਇਨਫੈਕਸ਼ਿਸ ਡਾਇਜ਼ੀਜਜ਼' ਦੇ ਵਿਗਿਆਨੀਆਂ ਨੇ ਇਸ ਦਾ ਖੁਲ੍ਹਾਸਾ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਕੋਰੋਨਾ ਪੀੜਤ ਵਿਅਕਤੀ ਦੇ ਘਰ 'ਚ ਇਸ ਦੇ ਵਾਇਰਸ ਫੈਲੇ ਹੁੰਦੇ ਹਨ। ਜਦ ਉਸ ਨੂੰ ਹਸਪਤਾਲ 'ਚ ਰੱਖਿਆ ਜਾਂਦਾ ਹੈ ਤਦ ਵੀ ਇਹ ਵਾਇਰਸ ਫੈਲ ਦਾ ਰਹਿੰਦਾ ਹੈ। ਜਦ ਵੀ ਵਿਅਕਤੀ ਖੰਘਦਾ ਜਾਂ ਛਿੱਕ ਮਾਰਦਾ ਹੈ ਤਾਂ ਥੁੱਕ ਦੇ ਬਰੀਕ ਕਣ ਹਵਾ 'ਚ ਫੈਲ ਜਾਂਦੇ ਹਨ। ਇਸ ਸਬੰਧੀ ਸਾਰੀ ਜਾਣਕਾਰੀ ਮੰਗਲਵਾਰ ਨੂੰ 'ਨਿਊ ਇੰਗਲੈਂਡ ਜਨਰਲ ਆਫ ਮੈਡੀਸਨ' 'ਚ ਛਾਪੀ ਗਈ ਹੈ। ਅਮਰੀਕਾ 'ਚ ਹੁਣ ਤਕ 150 ਮੌਤਾਂ ਹੋ ਚੁੱਕੀਆਂ ਹਨ ਜਦਕਿ 8 ਹਜ਼ਾਰ ਤੋਂ ਵਧੇਰੇ ਲੋਕ ਇਸ ਦੀ ਲਪੇਟ 'ਚ ਹਨ।

ਇਸ ਅਧਿਐਨ 'ਚ ਪਤਾ ਲੱਗਾ ਹੈ ਕਿ ਜਦ ਕੋਈ ਕੋਰੋਨਾ ਪੀੜਤ ਵਿਅਕਤੀ ਛਿੱਕਦਾ ਜਾਂ ਖੰਘਦਾ ਹੈ ਤਾਂ ਥੁੱਕ ਦੇ ਛੋਟੇ-ਛੋਟੇ ਕਣ ਹਵਾ 'ਚ ਫੈਲਦੇ ਹਨ ਜਾਂ ਸਤ੍ਹਾ 'ਤੇ ਡਿੱਗਦੇ ਹਨ। ਸਤ੍ਹਾ ਦੇ ਤਾਪਮਾਨ ਤੇ ਵਾਤਾਵਰਣ 'ਤੇ ਨਿਰਭਰ ਕਰਦਾ ਹੈ ਕਿ ਇਹ ਕਿੰਨੇ ਕੁ ਦਿਨ ਤਕ ਵਾਇਰਸ ਨੂੰ ਜਿਊਂਦਾ ਰੱਖਦੇ ਹਨ।

11 ਮਾਰਚ ਨੂੰ ਮੈੱਡਰਿਗਜ਼ਿਵ' 'ਚ ਪ੍ਰਕਾਸ਼ਿਤ ਇਕ ਅਧਿਐਨ ਨੇ ਕੋਰੋਨਾ ਨੂੰ ਲੈ ਕੇ ਦੱਸਿਆ ਸੀ ਕਿ ਪਲਾਸਟਿਕ ਅਤੇ ਸਟੇਨਲੈੱਸ ਸਟੀਲ 'ਤੇ ਇਹ ਵਾਇਰਸ ਦੋ ਜਾਂ ਤਿੰਨ ਦਿਨਾਂ ਤਕ ਜਿਊਂਦਾ ਰਹਿੰਦਾ ਹੈ। ਤਾਂਬੇ ਦੀ ਸਤ੍ਹਾ 'ਤੇ 4 ਘੰਟੇ ਅਤੇ ਕਾਗਜ਼ ਦੀ ਸਮੱਗਰੀ 'ਤੇ 24 ਘੰਟਿਆਂ ਤਕ ਜਿਊਂਦਾ ਰਹਿੰਦਾ ਹੈ। ਤਾਜ਼ਾ ਸੋਧ 'ਚ ਕਿਹਾ ਗਿਆ ਹੈ ਕਿ ਐਰੋਸੈੱਲ ਦੀ ਛੋਟੀ ਬੂੰਦ 'ਚ 66 ਮਿੰਟਾਂ ਤਕ ਇਹ ਵਾਇਰਸ ਕੰਮ ਕਰਦਾ ਹੈ। ਇਸ ਤੋਂ ਭਾਵ ਕਿ ਇਕ ਘੰਟੇ ਤੇ 6 ਮਿੰਟਾਂ ਬਾਅਦ ਵਾਇਰਸ ਦਾ 75 ਫੀਸਦੀ ਹਿੱਸਾ ਕੰਮ ਕਰਨਾ ਬੰਦ ਕਰ ਦਿੰਦਾ ਹੈ ਪਰ ਇਸ ਦਾ 25 ਫੀਸਦੀ ਹਿੱਸਾ ਲਗਾਤਾਰ ਵਾਇਰਸ ਫੈਲਾਉਂਦਾ ਰਹਿੰਦਾ ਹੈ। ਇਸੇ ਤਰ੍ਹਾਂ ਸਟੀਲ 'ਤੇ ਸਾਢੇ ਪੰਜ ਘੰਟਿਆਂ ਬਾਅਦ ਇਸ ਦਾ ਅੱਧਾ ਹਿੱਸਾ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੇ ਪਲਾਸਟਿਕ 'ਤੇ 6 ਘੰਟੇ 49 ਮਿੰਟਾਂ ਤਕ ਇਸ ਦਾ ਅੱਧਾ ਹਿੱਸਾ ਖਤਮ ਹੋ ਜਾਂਦਾ ਹੈ। ਇਸ ਦੌਰਾਨ ਜੇਕਰ ਕੋਈ ਤੰਦਰੁਸਤ ਵਿਅਕਤੀ ਇਨ੍ਹਾਂ ਚੀਜ਼ਾਂ ਦੇ ਸੰਪਰਕ 'ਚ ਆ ਜਾਂਦਾ ਹੈ ਤਾਂ ਉਹ ਵੀ ਕੋਰੋਨਾ ਨਾਲ ਪੀੜਤ ਹੋ ਜਾਂਦਾ ਹੈ। ਮਾਹਿਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਸੋਧ 'ਚ ਸਭ ਵੱਖ-ਵੱਖ ਨਤੀਜੇ ਦੇਖਣ ਨੂੰ ਮਿਲੇ ਹਨ ਪਰ ਉਹ ਲੋਕਾਂ ਨੂੰ ਵੱਧ ਤੋਂ ਵੱਧ ਧਿਆਨ ਰੱਖਣ ਦੀ ਅਪੀਲ ਕਰਦੇ ਹਨ ਤਾਂ ਕਿ ਬਚਾਅ ਹੋ ਸਕੇ।