ਆਸਟ੍ਰੇਲੀਆ : ਕੋਰੋਨਾ ਕਰਕੇ ਵਿਕਟੋਰੀਆ 'ਚ ਲੱਗੀ ਐਮਰਜੈਂਸੀ

03/16/2020 8:34:59 AM

ਮੈਲਬੋਰਨ, (ਮਨਦੀਪ ਸਿੰਘ ਸੈਣੀ)— ਦੁਨੀਆ ਭਰ ਵਿੱਚ ਮਹਾਮਾਰੀ ਦਾ ਰੂਪ ਧਾਰਣ ਕਰ ਚੁੱਕੇ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਅੱਜ ਤੋਂ ਵਿਕਟੋਰੀਆ ਸੂਬੇ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਹੈ ਤੇ ਇਹ ਹੁਕਮ ਫਿਲਹਾਲ ਚਾਰ ਹਫਤਿਆਂ ਲਈ ਲਾਗੂ ਹੋਣਗੇ।ਆਸਟ੍ਰੇਲੀਆਈ ਕੈਪੀਟਲ ਟੈਰੇਟਰੀ ਵਿੱਚ ਵੀ ਕਰੋਨਾ ਵਾਇਰਸ ਨੂੰ ਠੱਲ ਪਾਉਣ ਲਈ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ।

ਵਿਕਟੋਰੀਅਨ ਪ੍ਰੀਮੀਅਰ ਡੈਨੀਅਲ ਐਂਡਰੀਊਜ਼ ਨੇ ਐਲਾਨ ਕਰਦਿਆਂ ਕਿਹਾ ਕਿ ਵਿਕਟੋਰੀਆ ਸੂਬੇ ਵਿੱਚ ਐਮਰਜੈਂਸੀ ਸੋਮਵਾਰ ਦੁਪਹਿਰ ਤੋਂ ਚਾਰ ਹਫਤਿਆਂ ਲਈ ਲਾਗੂ ਹੋਵੇਗੀ ਪਰ ਹਾਲਾਤਾਂ ਦੇ ਮੱਦੇ ਨਜ਼ਰ ਇਹ ਮਿਆਦ ਵਧਾਈ ਵੀ ਜਾ ਸਕਦੀ ਹੈ। ਲੋਕਾਂ ਦੀ ਪੁਖਤਾ ਸੁਰੱਖਿਆ ਲਈ ਪ੍ਰਸ਼ਾਸਨ ਨੂੰ ਜਨਤਕ ਥਾਵਾਂ ਤੇ ਭੀੜ ਨੂੰ ਰੋਕਣ ਜਾਂ ਕਿਸੇ ਵੀ ਕਿਸਮ ਦੀ ਇਕੱਤਰਤਾ ਨੂੰ ਕਾਬੂ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ।

ਸੂਬੇ ਵਿੱਚ ਹੁਣ ਤੱਕ ਕਰੋਨਾ ਵਾਇਰਸ ਦੇ 71 ਕੇਸ ਸਾਹਮਣੇ ਆਏ ਹਨ ਤੇ ਸਿਹਤ ਵਿਭਾਗ ਵੱਲੋਂ ਨਾਗਰਿਕਾਂ ਨੂੰ ਇਸ ਬਿਮਾਰੀ ਨਾਲ ਨਜਿੱਠਣ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ।ਦੂਜੇ ਮੁਲਕਾਂ ਤੋਂ ਆਸਟ੍ਰੇਲ਼ੀਆ ਆਉਣ ਵਾਲੇ ਯਾਤਰੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣਾ ਪਵੇਗਾ ਤੇ ਇਹ ਸ਼ਰਤ ਪੂਰੀ ਨਾ ਕਰਨ ਦੀ ਸੂਰਤ ਵਿੱਚ ਯਾਤਰੀਆਂ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ।ਆਸਟ੍ਰੇਲ਼ੀਆ ਵਿੱਚ ਇਸ ਬਿਮਾਰੀ ਕਰਕੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਸੁਪਰਮਾਰਕੀਟਾਂ ਅਤੇ ਬਜ਼ਾਰਾਂ ਵਿੱਚ ਰੋਜ਼ਮਰ੍ਹਾ ਦੇ ਸਮਾਨ ਦੀ ਕਿੱਲਤ ਪਾਈ ਜਾ ਰਹੀ ਹੈ।