ਕੈਨੇਡਾ ''ਚ ਕੋਰੋਨਾ ਟੀਕਾ ਲਾਉਣ ਦੀ ਗਤੀ ਹੈ ਬਹੁਤ ਹੌਲੀ, ਇਜ਼ਰਾਇਲ ਤੇ ਬਹਿਰੀਨ ਨਿਕਲੇ ਅੱਗੇ

12/29/2020 5:35:21 PM

ਟੋਰਾਂਟੋ- ਕੈਨੇਡਾ ਨੂੰ ਕੋਰੋਨਾ ਵੈਕਸੀਨ ਦੀਆਂ ਕਈ ਮਿਲੀਅਨ ਖੁਰਾਕਾਂ ਮਿਲ ਗਈਆਂ ਹਨ ਤੇ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਇਹ ਦਿੱਤੀ ਜਾਣੀ ਸ਼ੁਰੂ ਹੋ ਗਈ ਹੈ ਪਰ ਫਿਰ ਵੀ ਇਸ ਦੀ ਹੌਲੀ-ਹੌਲੀ ਵੰਡ ਕਾਰਨ ਬਹੁਤ ਸਾਰੇ ਲੋਕ ਨਾਰਾਜ਼ ਹਨ। ਟੋਰਾਂਟੋ ਦੇ ਬਾਇਓਸਟੈਟੀਕੇਸ਼ਨ ਰਯਾਨ ਨੇ ਕਿਹਾ ਕਿ ਬਹੁਤ ਹੈਰਾਨੀ ਦੀ ਗੱਲ ਹੈ ਕਿ ਅਜੇ ਤੱਕ ਇਹ ਟੀਕਾ ਸਾਨੂੰ ਲੱਗ ਨਹੀਂ ਸਕਿਆ। 

ਜ਼ਿਕਰਯੋਗ ਹੈ ਕਿ ਅਮਰੀਕਾ ਵਿਚ 21 ਲੱਖ ਲੋਕਾਂ ਨੂੰ ਕੋਰੋਨਾ ਦਾ ਟੀਕਾ ਲੱਗ ਚੁੱਕਾ ਹੈ ਜਦਕਿ ਇਸ ਦੇ ਮੁਕਾਬਲੇ ਕੈਨੇਡਾ ਵਿਚ ਪੰਜਵਾਂ ਹਿੱਸਾ ਲੋਕਾਂ ਨੂੰ ਹੀ ਕੋਰੋਨਾ ਦਾ ਟੀਕਾ ਲੱਗ ਸਕਿਆ ਹੈ। ਹੁਣ ਤੱਕ ਸਿਰਫ 56,845 ਲੋਕਾਂ ਨੂੰ ਹੀ ਕੋਰੋਨਾ ਦੀ ਪਹਿਲੀ ਡੋਜ਼ ਮਿਲ ਸਕੀ ਹੈ। 

ਆਕਸਫੋਰਡ ਯੂਨੀਵਰਸਿਟੀ ਦੇ ਡਾਟਾ ਮੁਤਾਬਕ ਕੈਨੇਡਾ ਵਿਚ ਹਰ 100 ਵਿਚੋਂ 0.14 , ਅਮਰੀਕਾ ਵਿਚ 0.59, ਯੂ. ਕੇ. ਵਿਚ 1.18, ਬਹਿਰੀਨ ਵਿਚ 3.23 ਅਤੇ ਇਜ਼ਰਾਇਲ ਵਿਚ 4.37 ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ। ਇਸ ਤੋਂ ਸਪੱਸ਼ਟ ਹੈ ਕਿ ਬਹਿਰੀਨ ਤੇ ਇਜ਼ਰਾਇਲ ਵਿਚ ਸਭ ਤੋਂ ਵੱਧ ਤੇਜ਼ੀ ਨਾਲ ਕੋਰੋਨਾ ਟੀਕਾ ਲੱਗ ਰਿਹਾ ਹੈ ਜਦਕਿ ਕੈਨੇਡਾ ਇਸ ਵਿਚ ਸਭ ਤੋਂ ਪਿੱਛੇ ਹੈ। ਹਾਲਾਂਕਿ ਅਮਰੀਕਾ ਵੀ ਇਨ੍ਹਾਂ ਦੇਸ਼ਾਂ ਨਾਲੋਂ ਪਿੱਛੇ ਹੈ ਪਰ ਇਹ ਕੈਨੇਡਾ ਨਾਲੋਂ ਚੰਗੀ ਸਥਿਤੀ ਵਿਚ ਹੈ। 

ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਸੂਬਿਆਂ ਵਿਚ ਡੀਪ-ਕੋਲਡ ਸਟੋਰਾਂ ਦੀ ਕਮੀ ਕਾਰਨ ਫਾਈਜ਼ਰ ਟੀਕੇ ਦੀ ਸਟੋਰੇਜ ਨਹੀਂ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਓਂਟਾਰੀਓ ਸੂਬੇ ਨੂੰ ਫਾਈਜ਼ਰ-ਬਾਇਓਐਨਟੈਕ ਦੀਆਂ 90,000 ਖੁਰਾਕਾਂ ਮਿਲੀਆਂ ਹਨ ਤੇ ਮੋਡੇਰਨਾ ਦੀਆਂ 53,000 ਖੁਰਾਕਾਂ ਮਿਲ ਚੁੱਕੀਆਂ ਹਨ। ਕਈ ਹਸਪਤਾਲਾਂ ਵਿਚ ਸਟਾਫ਼ ਦੀ ਕਮੀ ਕਾਰਨ ਵੀ ਕੋਰੋਨਾ ਵੈਕਸੀਨ ਦੀ ਖੁਰਾਕ ਲਗਾਉਣ ਵਿਚ ਦੇਰੀ ਹੋ ਰਹੀ ਹੈ।

Lalita Mam

This news is Content Editor Lalita Mam