ਮਾਸਕੋ 'ਚ ਕੋਰੋਨਾ ਦੇ ਟੀਕੇ ਲੱਗਣੇ ਸ਼ੁਰੂ

12/07/2020 2:25:25 AM

ਮਾਸਕੋ (ਏਜੰਸੀਆਂ)- ਰੂਸ ਦੀ ਰਾਜਧਾਨੀ ਮਾਸਕੋ ਵਿਚ ਕੋਵਿਡ-19 ਦੇ ਟੀਕਾਕਰਣ ਪ੍ਰੋਗਰਾਮ ਦੀ ਸ਼ੁਰੂਆਤ ਹੋ ਗਈ ਹੈ। ਇਹ ਟੀਕਾ ਉਨ੍ਹਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਲਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਇਸ ਤੋਂ ਪੀੜਤ ਹੋਣ ਦਾ ਖਤਰਾ ਵਧੇਰੇ ਹੈ। ਰੂਸ ਆਪਣੇ 'ਸਪੂਤਨਿਕ-ਵੀ' ਨਾਮੀ ਟੀਕੇ ਦੀ ਵਰਤੋਂ ਕਰ ਰਿਹਾ ਹੈ।
'ਸਪੂਤਨਿਕ-ਵੀ' ਨੂੰ ਵਿਕਸਿਤ ਕਰਨ ਵਾਲੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ 95 ਫੀਸਦੀ ਪ੍ਰਭਾਵੀ ਹੈ। ਇਸ ਦਾ ਕੋਈ ਵੱਡਾ ਉਲਟ ਅਸਰ ਨਹੀਂ ਹੈ। ਉਂਝ ਉਸਾਰੂ ਨਤੀਜੇ ਦੇ ਬਾਵਜੂਦ ਟੀਕੇ ਦਾ ਸਮੂਹਿਕ ਪ੍ਰੀਖਣ ਅਜੇ ਵੀ ਜਾਰੀ ਹੈ। ਹਜ਼ਾਰਾਂ ਲੋਕਾਂ ਨੇ ਟੀਕਾ ਲਵਾਉਣ ਲਈ ਅਰਜ਼ੀ ਦਿੱਤੀ ਹੈ।

ਇਹ ਵੀ ਪੜ੍ਹੋ:'ਅਸੀਂ ਸਭ ਤੋਂ ਪਹਿਲਾਂ ਚੰਨ 'ਤੇ ਭੇਜਾਂਗੇ ਬੀਬੀ'

ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਦੇ ਅੰਤ ਤੱਕ ਟੀਕੇ ਦੀਆਂ ਸਿਰਫ 20 ਲੱਖ ਖੁਰਾਕਾਂ ਬਣਨ ਦੀ ਉਮੀਦ ਹੈ। ਮਾਸਕੋ ਦੇ ਮੇਅਰ ਸਗੇਈ ਸੋਬਿਆਨਿਨ ਨੇ ਕਿਹਾ ਕਿ ਇਹ ਸਭ ਤੋਂ ਪਹਿਲਾਂ ਸਕੂਲਾਂ ਦੇ ਮੁਲਾਜ਼ਮਾਂ, ਸਿਹਤ ਕਰਮਚਾਰੀਆਂ ਅਤੇ ਸਮਾਜਿਕ ਵਰਕਰਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸਭ ਮਰੀਜ਼ਾਂ ਨੂੰ 21 ਦਿਨ ਦੇ ਵਕਫੇ ਵਿਚ ਦੋਵੇਂ ਇੰਜੈਕਸ਼ਨ ਦਿੱਤੇ ਜਾਣਗੇ।  ਮੁਹਿੰਮ ਕਾਰਣ ਮਾਸਕੋ ਵਿਚ 70 ਟੀਕਾਕਰਣ ਕੇਂਦਰ ਖੋਲ੍ਹੇ ਗਏ ਹਨ। ਡਾਕਟਰਾਂ, ਅਧਿਆਪਕਾਂ ਅਤੇ ਸਥਾਨਕ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਇਸ ਲਈ ਆਪਣਾ ਸਮਾਂ ਨਿਰਧਾਰਤ ਕਰਨ ਲਈ ਕਿਹਾ ਗਿਆ ਹੈ।

ਮੇਅਰ ਨੇ ਕਿਹਾ ਕਿ ਕੁਝ ਹੀ ਘੰਟਿਆਂ ਵਿਚ 5000 ਤੋਂ ਵੱਧ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਰੂਸ ਨੇ ਦਾਅਵਾ ਕੀਤਾ ਹੈ ਕਿ 'ਸਪੂਤਨਿਕ-ਵੀ' ਦੁਨੀਆ ਦਾ ਪਹਿਲਾ ਰਜਿਸਟਰਡ ਟੀਕਾ ਹੈ ਕਿਉਂਕਿ ਸਰਕਾਰ ਨੇ ਅਗਸਤ ਦੇ ਸ਼ੁਰੂ ਵਿਚ ਹੀ ਇਸ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਸੀ। ਰਾਸ਼ਟਰਪਤੀ ਪੁਤਿਨ ਨੇ ਇਸ ਬਾਰੇ ਕਿਹਾ ਸੀ ਕਿ ਮੇਰੀਆਂ ਬੇਟੀਆਂ ਵਿਚੋਂ ਇਕ ਨੇ ਸ਼ੁਰੂ ਵਿਚ ਟੀਕਾ ਲਵਾਇਆ ਸੀ। 

ਇਹ ਵੀ ਪੜ੍ਹੋ:ਬ੍ਰਿਟੇਨ 'ਚ ਕੋਵਿਡ-19 ਟੀਕਾਕਰਨ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ 'ਤੇ

ਰੂਸ ਵਿਚ ਕੋਰੋਨਾ ਇਨਫੈਕਸ਼ਨ ਦੇ ਰਿਕਾਰਡ 28,782 ਨਵੇਂ ਮਾਮਲੇ
ਦੂਜੇ ਪਾਸੇ ਰੂਸ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਰਿਕਾਰਡ 28,782 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਹੁਣ ਮਰੀਜ਼ਾਂ ਦੀ ਗਿਣਤੀ ਵੱਧ ਕੇ 24,31,731 ਹੋ ਗਈ ਹੈ। ਇਸ ਤੋਂ ਪਹਿਲਾਂ 3 ਦਸੰਬਰ ਨੂੰ ਕੋਰੋਨਾ ਦੇ ਸਭ ਤੋਂ ਵੱਧ 28,145 ਨਵੇਂ ਮਾਮਲੇ ਸਾਹਮਣੇ ਆਏ ਸਨ। ਕੋਵਿਡ-19 ਦੇ 508 ਮਰੀਜ਼ਾਂ ਦੀ ਮੌਤ ਹੋਣ ਨਾਲ ਇਸ  ਮਹਾਮਾਰੀ ਕਾਰਣ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਧ ਕੇ 42,684 ਹੋ ਗਈ ਹੈ।

ਇਹ ਵੀ ਪੜ੍ਹੋ:ਜਿਓ ਦੇ ਇਸ ਪਲਾਨ 'ਚ ਰੋਜ਼ਾਨਾ ਮਿਲਦਾ ਹੈ 3GB ਡਾਟਾ

Karan Kumar

This news is Content Editor Karan Kumar