27 ਜੂਨ ਨੂੰ ਮਿਲੇਗਾ ਕੰਜ਼ਰਵੇਟਿਵ ਪਾਰਟੀ ਨੂੰ ਨਵਾਂ ਲੀਡਰ, ਟਰੂਡੋ ਦੀ ਵਧੇਗੀ ਚੁਣੌਤੀ

01/08/2020 4:23:09 PM

ਟੋਰਾਂਟੋ- ਕੈਨੇਡਾ 'ਚ ਬੀਤੀ 21 ਅਕਤੂਬਰ ਨੂੰ ਕੈਨੇਡੀਅਨਾਂ ਦਾ ਮੁੜ ਭਰੋਸਾ ਜਿੱਤ ਕੇ ਘੱਟ ਗਿਣਤੀ ਟਰੂਡੋ ਸਰਕਾਰ ਨੇ ਸੱਤਾ 'ਤੇ ਕਬਜ਼ਾ ਕਰ ਲਿਆ ਹੈ। ਚਾਹੇ ਅਗਲੇ 6 ਮਹੀਨੇ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਖਾਲੀ ਰਹਿਣ ਕਾਰਨ ਉਹਨਾਂ ਦੀ ਸਰਕਾਰ ਨੂੰ ਕੋਈ ਡੇਗ ਨਹੀਂ ਸਕੇਗਾ ਪਰ 27 ਜੂਨ ਨੂੰ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ ਤੇ ਇਸ ਤੋਂ ਬਾਅਦ ਉਹਨਾਂ ਨੂੰ ਹੋਰ ਸਖਤ ਚੁਣੌਤੀ ਮਿਲਣ ਦੇ ਆਸਾਰ ਦਿਖਾਈ ਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਐਂਡ੍ਰਿਊ ਸ਼ੀਅਰ ਨੇ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਦਸੰਬਰ ਮਹੀਨੇ ਆਪਣੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ ਸੀ। ਵਿਰੋਧੀ ਧਿਰ, ਕੰਜ਼ਰਵੇਟਿਵ ਪਾਰਟੀ ਕੋਲ ਅਜੇ ਨਵਾਂ ਆਗੂ ਨਹੀਂ ਹੈ ਤੇ ਨਿਊੂ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਦੀ ਆਰਥਿਕਤਾ ਡਾਵਾਂਡੋਲ ਹੋਣ ਕਾਰਨ ਉਹ ਟਰੂਡੋ ਸਰਕਾਰ ਦੀ ਸ਼ਬਦੀ ਆਲੋਚਨਾ ਤੋਂ ਵਧ ਬਹੁਤਾ ਕੁਝ ਕਰਨ ਦੇ ਸਮਰੱਥ ਨਹੀਂ | ਕੈਨੇਡਾ ਦੇ ਹਾਊਸ ਆਫ ਕਾਮਨਜ਼ (ਲੋਕ ਸਭਾ) ਦਾ 2020 ਦਾ ਪਹਿਲਾ ਸੈਸ਼ਨ 27 ਜਨਵਰੀ ਨੂੰ ਸ਼ੁਰੂ ਹੋਵੇਗਾ ਤੇ 23 ਜੂਨ ਤੱਕ ਚੱਲਦਾ ਰਹੇਗਾ ਪਰ ਉਸ ਸੈਸ਼ਨ ਦੌਰਾਨ ਕੰਜ਼ਰਵੇਟਿਵ ਪਾਰਟੀ ਆਗੂ ਦੀ ਘਾਟ ਕਾਰਨ ਸਰਕਾਰ ਨੂੰ ਭੰਗ ਕਰਵਾ ਕੇ ਚੋਣਾਂ 'ਚ ਕੁੱਦਣ ਦਾ ਕਦਮ ਨਹੀਂ ਉਠਾ ਸਕੇਗੀ।

ਇਸ ਦੇ ਨਾਲ ਹੀ ਬਲਾਕ ਕਿਊਬਕ ਦਾ ਲਿਬਰਲ ਪਾਰਟੀ ਨੂੰ ਸਮਰਥਨ ਮਿਲਦਾ ਹੋਣ ਕਾਰਨ ਦੂਸਰੀਆਂ ਪਾਰਟੀਆਂ (ਕੰਜ਼ਰਵੇਟਿਵ ਅਤੇ ਐਨ.ਡੀ.ਪੀ.) ਦਾ ਵਿਰੋਧ ਬਹੁਤਾ ਅਸਰਦਾਰ ਨਹੀਂ ਹੋਵੇਗਾ, ਕਿਉਂਕਿ ਸਰਕਾਰ ਨੂੰ ਡੇਗਿਆ ਨਹੀਂ ਜਾ ਸਕੇਗਾ। ਪਰ ਜੁਲਾਈ ਤੇ ਅਗਸਤ ਦੀਆਂ ਛੁੱਟੀਆਂ ਤੋਂ ਬਾਅਦ 21 ਸਤੰਬਰ 2020 ਨੂੰ ਸ਼ੁਰੂ ਹੋਣ ਵਾਲੇ ਸੈਸ਼ਨ 'ਚ ਕੰਜ਼ਰਵੇਟਿਵ ਪਾਰਟੀ ਆਪਣੇ ਨਵੇਂ ਆਗੂ ਦੀ ਅਗਵਾਈ 'ਚ ਵਧ ਮਜ਼ਬੂਤ ਹੋ ਕੇ ਸਾਹਮਣੇ ਆ ਜਾਵੇਗੀ।

Baljit Singh

This news is Content Editor Baljit Singh