ਕੈਨੇਡਾ ਦੇ ਸਿੱਖ ਸੰਗਠਨਾਂ ਦੇ ਵਿਰੋਧ ਕਾਰਨ ''ਕੰਜ਼ਰਵੇਟਿਵ ਪਾਰਟੀ ਦੇ ਮਤੇ ''ਤੇ ਰੋਕ

03/04/2018 4:03:30 PM

ਟੋਰਾਂਟੋ— ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਖਾਲਿਸਤਾਨੀ ਹਮਾਇਤੀ ਜਸਪਾਲ ਟਰੂਡੋ ਦੇ ਡਿਨਰ 'ਚ ਸੱਦੇ ਨੂੰ ਲੈ ਕੇ ਵਿਵਾਦ ਹੋਰ ਗਰਮਾਉਂਦਾ ਜਾ ਰਿਹਾ ਹੈ। ਇਸ ਮੁੱਦੇ ਨੇ ਕੈਨੇਡਾ ਦੀ ਸਿਆਸਤ ਵਿਚ ਵੀ ਹਲਚਲ ਪੈਦਾ ਕਰ ਦਿੱਤੀ ਹੈ। ਇਸੇ ਦਰਮਿਆਨ ਕੈਨੇਡਾ ਦੇ ਮੁੱਖ ਸਿੱਖ ਸੰਗਠਨਾਂ ਦੇ ਵਿਰੋਧ ਕਾਰਨ ਕੈਨੇਡਾ ਦੀ ਵਿਰੋਧੀ ਸਿਆਸੀ ਧਿਰ ਕੰਜ਼ਰਵੇਟਿਵ ਪਾਰਟੀ ਵਲੋਂ ਸੰਸਦ 'ਚ ਪੇਸ਼ ਕੀਤਾ ਜਾਣ ਵਾਲਾ 'ਸਿੱਖ ਵਿਰੋਧੀ' ਮਤਾ ਐਨ ਮੌਕੇ 'ਤੇ ਰੋਕ ਲਿਆ ਗਿਆ ਹੈ। 
ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਐਰਿਕ ਓ ਟੂਲ ਵਲੋਂ ਮਤੇ ਨੂੰ ਸੰਸਦ 'ਚ ਪੇਸ਼ ਕੀਤਾ ਜਾਣਾ ਸੀ। ਇਸ ਮਤੇ 'ਚ ਭਾਰਤੀ ਮੂਲ ਦੇ ਕੈਨੇਡੀਅਨਾਂ ਦੇ ਕੈਨੇਡਾ 'ਚ ਪਾਏ ਗਏ ਯੋਗਦਾਨ, ਹਰ ਕਿਸਮ ਦੇ ਅੱਤਵਾਦ ਸਮੇਤ ਭਾਰਤ 'ਚ ਆਜ਼ਾਦ ਖਾਲਿਸਤਾਨੀ ਰਾਜ ਦੀ ਸਥਾਪਨਾ ਦੇ ਸੰਬੰਧ 'ਚ ਕਿਸੇ ਹਿੰਸਕ ਕਾਰਵਾਈ ਵਿਚ ਸ਼ਮੂਲੀਅਤ ਕਰਨ ਵਾਲੇ ਦੀ ਪ੍ਰਸ਼ੰਸਾ ਕਰਨ ਵਾਲਿਆਂ ਦੀ ਨਿਖੇਧੀ ਦਰਜ ਸੀ। ਕੈਨੇਡੀਅਨ ਸਿੱਖ ਐਸੋਸੀਏਸ਼ਨ ਵਲੋਂ ਇਸ ਮਤੇ ਨੂੰ ਇਹ ਆਖ ਕੇ ਰੋਕ ਦਿੱਤਾ ਗਿਆ ਕਿ ਇਸ ਨਾਲ ਸਮੁੱਚੇ ਸਿੱਖ ਭਾਈਚਾਰੇ ਦਾ ਅਕਸ ਜਨਤਕ ਰੂਪ ਨਾਲ ਖਰਾਬ ਹੋਵੇਗਾ। 
ਇਸ ਮਤੇ ਦੀ ਭਿਣਕ ਲੱਗਣ ਤੋਂ ਬਾਅਦ ਵਰਲਡ ਸਿੱਖ ਆਰਗੇਨਾਈਜੇਸ਼ਨ ਸਮੇਤ ਕਈ ਸਿੱਖ ਜੱਥੇਬੰਦੀਆਂ ਨੇ ਇਸ ਨੂੰ ਰੋਕਣ ਦੇ ਯਤਨ ਕੀਤੇ। ਇਹ ਮਤਾ ਉਸ ਸਮੇਂ ਆਇਆ, ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਉਨ੍ਹਾਂ ਦੇ ਡਿਨਰ ਵਿਚ ਖਾਲਿਸਤਾਨੀ ਹਮਾਇਤੀ ਜਸਪਾਲ ਅਟਵਾਲ ਦੀ ਸ਼ਮੂਲੀਅਤ ਦੀ ਚਰਚਾ ਸੰਸਦ ਵਿਚ ਛਿੜੀ ਹੋਈ ਸੀ। ਵਰਲਡ ਸਿੱਖ ਸੰਸਥਾ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਇਸ ਮਤੇ ਜ਼ਰੀਏ ਸਮੁੱਚੇ ਸਿੱਖ ਭਾਈਚਾਰੇ ਨੂੰ ਅੱਤਵਾਦੀ ਕਹਿ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਚੱਲਣ ਜਾ ਰਹੀ ਹੈ। ਓਨਟਾਰੀਓ ਖਾਲਸਾ ਦਰਬਾਰ ਦੇ ਗੁਰਪ੍ਰੀਤ ਸਿੰਘ ਬੱਲ ਅਤੇ ਹੋਰ ਸਿੱਖ ਆਗੂਆਂ ਨੇ ਕੰਜ਼ਰਵੇਟਿਵ ਨੇਤਾ ਐਂਡਰਿਊ ਸ਼ੀਅਰ ਨੂੰ ਸਾਰੀ ਸਥਿਤੀ ਅਤੇ ਹਾਲਾਤ ਦੱਸਦਿਆਂ ਚਿੱਠੀ ਲਿਖੀ ਕਿ ਸਿਰਫ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਵਾਜਬ ਨਹੀਂ ਹੈ।