ਭਾਰਤ, ਅਮਰੀਕਾ ਤੇ ਹੋਰ ਦੇਸ਼ਾਂ ਨੇ ਭੇਜੀਆਂ ਕੈਨੇਡਾ ਨੂੰ ਵਧਾਈਆਂ, ਕੈਪਟਨ ਅਮਰਿੰਦਰ ਨੇ ਵੀ ਦਿੱਤਾ ਸੰਦੇਸ਼

07/02/2017 2:44:30 PM

ਟੋਰਾਂਟੋ— ਕੈਨੇਡਾ ਆਪਣੀ 150ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਲੋਕਾਂ ਦਾ ਚਾਅ ਦੇਖਦਿਆਂ ਹੀ ਬਣਦਾ ਹੈ। ਕੈਨੇਡਾ 'ਚ ਕਈ ਵਿਦੇਸ਼ੀ ਰਹਿ ਰਹੇ ਹਨ ਜਿਨ੍ਹਾਂ ਨੇ ਇੱਥੋਂ ਦੀ ਨਾਗਰਿਕਤਾ ਵੀ ਪ੍ਰਾਪਤ ਕਰ ਲਈ ਹੈ। ਕਈ ਤਾਂ ਇੱਥੇ ਆਪਣੀ ਦੂਜੀ ਪੀੜੀ ਵੀ ਦੇਖ ਰਹੇ ਹਨ। ਕੈਨੇਡਾ ਨੂੰ ਵਧਾਈਆਂ ਦੇਣ ਦੀ ਸੂਚੀ 'ਚ ਭਾਰਤ, ਅਮਰੀਕਾ, ਇੰਗਲੈਂਡ ਸਮੇਤ ਕਈ ਦੇਸ਼ਾਂ ਦੇ ਨਾਂ ਹਨ। 


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ 150ਵੇਂ ਦਿਵਸ ਮੌਕੇ ਕੈਨੇਡਾ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਇਸ ਨੂੰ ਦੇਸ਼ ਦੀ ਤਰੱਕੀ ਦੇ ਸਫਰ ਦਾ ਇਕ ਇਤਿਹਾਸਕ ਮੌਕਾ ਦੱਸਿਆ ਹੈ, ਜਿਸ 'ਚ ਪੰਜਾਬੀ ਅਤੇ ਭਾਰਤੀ ਭਾਈਚਾਰੇ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੁੱਖ ਮੰਤਰੀ ਨੇ ਕੈਨੇਡਾ 'ਚ ਵਸਦੇ ਭਾਰਤੀ ਭਾਈਚਾਰੇ ਨੂੰ ਵਿਸ਼ੇਸ਼ ਵਧਾਈ ਭੇਜਦੇ ਹੋਏ ਕਿਹਾ ਹੈ ਕਿ ਉਹ ਇਸ ਪੱਛਮੀ ਦੇਸ਼ ਦੀ ਪ੍ਰਗਤੀ ਦਾ ਅਨਿੱਖੜਵਾਂ ਅੰਗ ਹਨ ਅਤੇ ਉਹ ਆਪਣੀ ਸਖਤ ਮਿਹਨਤ ਅਤੇ ਸਮਰਪਣ ਦੇ ਕਾਰਨ ਦੁਨੀਆ ਭਰ 'ਚ ਸਤਿਕਾਰੇ ਜਾਂਦੇ ਹਨ ਜਿਨ੍ਹਾਂ ਨੇ ਦੇਸ਼ ਦੇ ਵਿਕਾਸ 'ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।  

ਅਮੀਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕੈਨੇਡਾ ਨੂੰ ਮੁਬਾਰਕਾਂ ਦਿੰਦਿਆਂ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕੈਨੇਡਾ ਦੇ ਲੋਕਾਂ ਤੇ ਪ੍ਰਧਾਨ ਮੰਤਰੀ ਟਰੂਡੋ ਨੂੰ ਵਧਾਈ ਦਿੰਦੇ ਹਨ।

ਇਸ ਖਾਸ ਦਿਨ ਦਾ ਹਿੱਸਾ ਬਣਨ ਲਈ ਪ੍ਰਿੰਸ ਆਫ ਵੇਲਜ਼ ਪ੍ਰਿੰਸ ਚਾਰਲਸ ਤੇ ਉਨ੍ਹਾਂ ਦੀ ਪਤਨੀ ਕੈਮੀਲਾ ਵੀ ਵਿਸ਼ੇਸ਼ ਤੌਰ 'ਤੇ ਕੈਨੇਡਾ ਪੁੱਜੇ ਹਨ।