ਲੰਡਨ: ਕੋਕੀਨ ਧੰਦੇ ਨਾਲ ਜੁੜੇ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ

12/30/2017 4:07:17 PM

ਲੰਡਨ(ਰਾਜਵੀਰ ਸਮਰਾ)— ਇਕ ਪੰਜਾਬੀ ਸਮੇਤ ਛੇ ਗਿਰੋਹ ਮੈਂਬਰਾਂ ਨੂੰ ਲੈਸਟਰਸ਼ਾਇਰ ਵਿਚ 16 ਲੱਖ ਪੌਂਡ ਦੇ ਕਰੀਬ ਕੋਕੀਨ ਦੇ ਧੰਦੇ ਵਿਚ ਸ਼ਮੂਲੀਅਤ ਤਹਿਤ ਸਾਢੇ 56 ਸਾਲ ਜੇਲ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਇਹ ਲੰਮੀ ਸਜ਼ਾ ਹੋਰਨਾਂ ਅਪਰਾਧੀਆਂ ਲਈ ਚਿਤਾਵਨੀ ਹੈ। ਲੈਸਟਰ ਕਰਾਊਨ ਕੋਰਟ ਵਿਚ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਇਸ ਗਿਰੋਹ, ਜਿਸ ਵਿਚ ਰਿਸ਼ੀ ਕਰੀਰ (32) ਵਾਸੀ ਓਕ ਰੋਡ, ਲਿਟਰਥੌਰਪ, ਜੇਸਨ ਗੂਚ (41) ਵਾਸੀ ਕਰਾਊਨ ਫਲੈਟ ਵੇਅ, ਡਿਊਸਬਰੀ, ਡੈਨੀਅਲ ਵਿਕਰਿੱਜ (30) ਵਾਸੀ ਵੁੱਡਥੌਰਪ ਰੋਡ, ਲਫਬਰੋ, ਜੋਨਾਥਨ ਲਾਈਟਬਰਾਊਨ (29) ਵਾਸੀ ਬਲੇਬੀ ਰੋਡ, ਵਿਗਸਟਨ, ਫਰਾਂਸਿਸਕੋ ਡਿਮੋਲਾ (33) ਵਾਸੀ ਪੈਕਹੌਰਸ ਡਰਾਈਵ, ਐਡਰਬੀ ਅਤੇ ਕ੍ਰਿਸਟੋਫਰ ਸਮਿੱਥ (32) ਵਾਸੀ ਗੇਨਜ਼ਬਰੋ ਰੋਡ, ਲੈਸਟਰ ਸ਼ਾਮਲ ਹਨ, ਨੇ ਬਹੁਤ ਹੀ ਵੱਧ ਕੀਮਤ ਵਾਲੀ ਡਰੱਗ ਕੋਕੀਨ ਦਾ ਧੰਦਾ ਕੀਤਾ ਸੀ। ਇਸ ਧੰਦੇ ਤਹਿਤ ਗੂਚ ਵੱਲੋਂ ਕੋਕੀਨ ਲੈਸਟਰ ਵਿਚ ਲਿਆਈ ਜਾਂਦੀ ਸੀ, ਜਿੱਥੇ ਕਰੀਰ ਇਸ ਡਰੱਗ ਦਾ ਮੁੱਖ ਪ੍ਰਬੰਧਕ ਸੀ। ਜੋ ਕਿ ਡਿਮੋਲਾ ਦੀ ਮਦਦ ਨਾਲ ਇਸ ਡਰੱਗ ਨੂੰ ਅੱਗੇ ਸਪਲਾਈ ਕਰਦਾ ਸੀ। ਲਾਈਟਬਰਾਊਨ ਨੇ ਕਈ ਸੌਦਿਆਂ ਵਿਚ ਸ਼ਮੂਲੀਅਤ ਕੀਤੀ, ਜਦ ਕਿ ਸਮਿੱਥ ਦੀ ਪ੍ਰਾਪਰਟੀ ਨੂੰ ਡਰੱਗ ਦੇ ਧੰਦੇ ਲਈ ਵਰਤਿਆ ਜਾ ਰਿਹਾ ਸੀ। ਵਿਕਰਿੱਜ ਵੱਲੋਂ ਡਰੱਗ ਸਪਲਾਇਰਾਂ ਨਾਲ ਸਬੰਧ ਬਣਾ ਕੇ ਡਰੱਗ ਅੱਗੇ ਵੇਚੀ ਜਾਂਦੀ ਸੀ। ਇਸ ਮਾਮਲੇ ਸਬੰਧੀ ਪੁਲਸ ਨੇ 80,000 ਪੌਂਡ ਦੇ ਕਰੀਬ ਕੋਕੀਨ ਦੇ ਧੰਦੇ ਦਾ ਪਰਦਾਫਾਸ਼ ਕੀਤਾ ਸੀ। ਜਦ ਕਿ ਪੁਲਸ ਨੂੰ ਯਕੀਨ ਸੀ ਕਿ ਇਸ ਗਿਰੋਹ ਨੇ 640,000 ਪੌਂਡ ਤੋਂ 16 ਲੱਖ ਪੌਂਡ ਦੇ ਵਿਚਕਾਰ ਕੋਕੀਨ ਦਾ ਧੰਦਾ ਕੀਤਾ ਸੀ। ਅਦਾਲਤ ਨੇ ਇਸ ਕੇਸ ਸਬੰਧੀ ਗੂਚ ਨੂੰ 14 ਸਾਲ, ਕਰੀਰ ਨੂੰ 10 ਸਾਲ, ਵਿਕਰਿੱਜ ਨੂੰ 10 ਸਾਲ, ਲਾਈਟਬਰਾਊਨ ਨੂੰ 10 ਸਾਲ, ਡਿਮੋਲਾ ਨੂੰ 8 ਸਾਲ ਅਤੇ ਸਮਿੱਥ ਨੂੰ ਸਾਢੇ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ।