ਜਲਵਾਯੂ ਬਦਲਾਅ ਭਾਰਤ ’ਚ ਪ੍ਰਮੁੱਖ ਫਸਲਾਂ ਨੂੰ ਕਰਦੈ ਪ੍ਰਭਾਵਿਤ

06/18/2019 7:07:23 PM

ਨਿਊਯਾਰਕ (ਭਾਸ਼ਾ)–ਵਿਗਿਆਨੀਆਂ ਦਾ ਮੰਨਣਾ ਹੈ ਕਿ ਜਲਵਾਯੂ ਬਦਲਾਅ ਭਾਰਤ ’ਚ ਅਨਾਜ ਪੈਦਾਵਾਰ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕਰ ਸਕਦਾ ਹੈ ਅਤੇ ਬੇਹੱਦ ਖਰਾਬ ਮੌਸਮੀ ਹਾਲਾਤ ਕਾਰਨ ਦੇਸ਼ ’ਚ ਝੋਨੇ ਦੀ ਪੈਦਾਵਾਰ ’ਤੇ ਕਾਫੀ ਅਸਰ ਪੈ ਸਕਦਾ ਹੈ। ਅਮਰੀਕਾ ’ਚ ਕੋਲੰਬੀਆ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਭਾਰਤ ਦੀਆਂ ਪੰਜ ਪ੍ਰਮੁੱਖ ਫਸਲਾਂ ਰਾਗੀ, ਮੱਕਾ, ਬਾਜਰਾ, ਜਵਾਰ ਅਤੇ ਝੋਨੇ ’ਤੇ ਜਲਵਾਯੂ ਬਦਲਾਅ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ।
ਜੂਨ ਤੋਂ ਸਤੰਬਰ ਦਰਮਿਆਨ ਮਾਨਸੂਨ ਦੇ ਮੌਸਮ ’ਚ ਹੋਣ ਵਾਲੀਆਂ ਇਨ੍ਹਾਂ ਫਸਲਾਂ ਦਾ ਭਾਰਤ ਦੇ ਅਨਾਜ ਉਤਪਾਦਨ ’ਚ ਅਹਿਮ ਯੋਗਦਾਨ ਹੈ। ਜ਼ਿਕਰਯੋਗ ਹੈ ਕਿ ਭਾਰਤ ’ਚ ਰੱਬੀ ਦੇ ਮੁਕਾਬਲੇ ਖਰੀਫ ਫਸਲਾਂ ਦੀ ਪੈਦਾਵਾਰ ਜ਼ਿਆਦਾ ਹੁੰਦੀ ਹੈ। ਖੋਜਕਾਰਾਂ ਨੇ ਕਿਹਾ ਕਿ ਭਾਰਤ ਦੀਆਂ ਪੋਸ਼ਣ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਇਹ ਪੰਜ ਅਨਾਜ ਜ਼ਰੂਰੀ ਹਨ। ‘ਐਨਵਾਇਰਮੈਂਟ ਰਿਸਰਚ ਲੈਟਰਸ’ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਬਾਜਰਾ, ਜਵਾਰ ਅਤੇ ਮੱਕਾ ਦੀਆਂ ਫਸਲਾਂ ’ਤੇ ਬੇਹੱਦ ਖਰਾਬ ਮੌਸਮੀ ਹਾਲਾਤ ਦਾ ਪ੍ਰਭਾਵ ਸਭ ਤੋਂ ਘੱਟ ਪੈਂਦਾ ਹੈ। ਹਰ ਸਾਲ ਜਲਵਾਯੂ ’ਚ ਹੋਣ ਵਾਲੇ ਬਦਲਾਅ ਦਾ ਇਨ੍ਹਾਂ ਦੀ ਪੈਦਾਵਾਰ ’ਤੇ ਕੁਝ ਖਾਸ ਅਸਰ ਨਹੀਂ ਹੁੰਦਾ। ਸੋਕੇ ਦੌਰਾਨ ਵੀ ਇਨ੍ਹਾਂ ਦੀ ਪੈਦਾਵਾਰ ’ਚ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਭਾਰਤ ਦੀ ਮੁੱਖ ਫਸਲ ਝੋਨੇ ਦੀ ਪੈਦਾਵਾਰ ’ਤੇ ਖਰਾਬ ਮੌਸਮੀ ਹਾਲਾਤ ਦਾ ਮਾੜਾ ਪ੍ਰਭਾਵ ਜ਼ਿਆਦਾ ਹੁੰਦਾ ਹੈ।

Sunny Mehra

This news is Content Editor Sunny Mehra