ਕ੍ਰਿਸਮਿਸ ਦੀ ਸ਼ਾਮ 9 ਸਾਲਾ ਬੱਚਾ ਹੋਇਆ ਜ਼ਖਮੀ , ਗੰਭੀਰ ਹਾਲਤ ਕਾਰਨ ਪਰਿਵਾਰ ਪਰੇਸ਼ਾਨ

12/27/2016 3:42:11 PM

ਲੋਗਾਨ— ਐਤਵਾਰ ਨੂੰ ਬ੍ਰਿਸਬੇਨ ''ਚ ਇੱਕ ਟਰੱਕ ਵਲੋਂ ਟੱਕਰ ਮਾਰੇ ਜਾਣ ਕਾਰਨ 9 ਸਾਲਾ ਲੜਕਾ ਗੰਭੀਰ ਰੂਪ ''ਚ ਜ਼ਖ਼ਮੀ ਹੋ ਗਿਆ, ਜਿਸਦੀ ਹਾਲਤ ''ਚ ਅਜੇ ਵੀ ਕੋਈ ਸੁਧਾਰ ਨਹੀਂ ਆਇਆ। ਲੜਕੇ ਨੂੰ ਲੇਡੀ ਸਿਲੈਂਤੋ ਚਿਲਡਰਨ ਹਸਪਤਾਲ ''ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਕਿ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਮੰਗਲਵਾਰ ਨੂੰ ਉਸਦੇ ਪਰਿਵਾਰ ਨੇ ਦੱਸਿਆ ਕਿ ਉਸਦੀ ਹਾਲਤ ਅਜੇ ਵੀ ਗੰਭੀਰ ਹੈ ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹਨ ਅਤੇ ਉਸਦੇ ਠੀਕ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਲੋਗਾਨ ਦਾ ਰਹਿਣ ਵਾਲਾ ਪੀੜਤ ਲੜਕਾ ਸ਼ਾਮੀਂ 7 ਵਜੇ ਆਪਣੀਆਂ ਭੈਣਾਂ ਨਾਲ ਬ੍ਰਿਸਬੇਨ ਸ਼ਹਿਰ ਦੇ ਨਜ਼ਦੀਕੀ ਇਲਾਕੇ ਸਪਰਿੰਗਵੁੱਡ ''ਚ ਕ੍ਰਿਸਮਸ ਦੀਆਂ ਲਾਈਟਾਂ ਦੇਖਣ ਆਇਆ ਸੀ। ਇਸ ਦੌਰਾਨ ਉਸ ਨਾਲ ਇਹ ਹਾਦਸਾ ਵਾਪਰਿਆ। ਅਧਿਕਾਰੀਆਂ ਮੁਤਾਬਕ ਹਾਦਸੇ ਵੇਲੇ 24 ਸਾਲਾ ਟਰੱਕ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ। ਉਸ ਨੇ ਪਹਿਲਾਂ ਇੱਥੇ ਪਾਰਕਿੰਗ ਵਾਲੀ ਥਾਂ ''ਚ ਖੜ੍ਹੀ ਇੱਕ ਕਾਰ ਨੂੰ ਟੱਕਰ ਮਾਰੀ ਅਤੇ ਫਿਰ ਉਕਤ ਲੜਕੇ ਨੂੰ। ਟੱਕਰ ਤੋਂ ਬਾਅਦ ਕਾਰ ਚੱਲਣ ਲੱਗ ਪਈ ਅਤੇ ਅੱਗੋਂ ਜਾ ਕੇ ਇੱਕ ਘਰ ਨਾਲ ਟਕਰਾਅ ਗਈ। ਉਨ੍ਹਾਂ ਦੱਸਿਆ ਕਿ ਪੁਲਸ ਚਾਲਕ ਕੋਲੋਂ ਪੁੱਛਗਿੱਛ ਕਰ ਰਹੀ ਹੈ।