150 ਫੁੱਟ ਡੂੰਘੇ ਖੱਡ ''ਚ ਡਿੱਗਾ ਬੱਚਾ, ਬਚਾਉਣ ਲਈ ਬਚਾਅ ਟੀਮ ਨੂੰ 10 ਘੰਟੇ ਕਰਨੀ ਪਈ ਮੁਸ਼ੱਕਤ (ਤਸਵੀਰਾਂ)

09/04/2017 4:40:51 PM

ਸ਼ਿਆਨ— ਚੀਨ 'ਚ 150 ਫੁੱਟ ਡੂੰਘੇ ਖੱਡ ਵਿਚ ਡਿੱਗੇ ਬੱਚੇ ਨੂੰ ਬਚਾ ਲਿਆ ਗਿਆ ਹੈ। ਫਾਇਰ ਫਾਈਟਰਜ਼ ਅਤੇ ਬਚਾਅ ਟੀਮ ਦੇ ਕਰਮਚਾਰੀਆਂ ਨੇ ਲੱਗਭਗ 10 ਘੰਟਿਆਂ ਦੀ ਸਖਤ ਮੁਸ਼ੱਕਤ ਤੋਂ ਬਾਅਦ 20 ਮਹੀਨਿਆਂ ਦੇ ਬੱਚੇ ਨੂੰ ਕੱਲ ਭਾਵ ਐਤਵਾਰ ਨੂੰ ਖੱਡ 'ਚੋਂ ਬਾਹਰ ਕੱਢਿਆ। ਇਹ ਹਾਦਸਾ ਸ਼ਾਨਕਸੀ ਸੂਬੇ ਦੇ ਸ਼ਿਆਨ 'ਚ ਉਦੋਂ ਵਾਪਰਿਆ, ਜਦੋਂ 20 ਮਹੀਨਿਆਂ ਦਾ ਬੱਚਾ ਆਪਣੇ ਦਾਦਾ-ਦਾਦੀ ਨਾਲ ਖੇਡ ਰਿਹਾ ਸੀ। 
ਬੱਚਾ ਖੇਡਦੇ-ਖੇਡਦੇ ਤਕਰੀਬਨ 30 ਸੈਂਟੀਮੀਟਰ ਚੌੜਾਈ ਵਾਲੇ ਖੱਡ ਵਿਚ ਡਿੱਗ ਗਿਆ। ਘਟਨਾ ਦੀ ਖਬਰ ਮਿਲਦੇ ਹੀ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ। 150 ਫੁੱਟ ਡੂੰਘੇ ਖੱਡ ਵਿਚ ਉਸ ਨੂੰ ਆਕਸੀਜਨ ਮਿਲਦੀ ਰਹੇ, ਇਸ ਦੀ ਵਿਵਸਥਾ ਕੀਤੀ ਗਈ। ਇਸ ਦੇ ਨਾਲ ਹੀ ਅੰਦਰ ਹੀ ਉਸ ਲਈ ਪਾਣੀ ਅਤੇ ਖਾਣ ਦੀ ਵਿਵਸਥਾ ਕੀਤੀ ਗਈ। ਉਸ ਨੂੰ ਜਗਾਉਣ ਲਈ ਪਰਿਵਾਰ ਵਾਲੇ ਵਾਰ-ਵਾਰ ਉਸ ਦਾ ਨਾਂ ਲੈ ਰਹੇ ਸਨ। ਬੱਚੇ ਨੂੰ ਬਚਾਉਣ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਗਈ, ਤਾਂ ਕਿ ਖੱਡ ਨੂੰ ਚੌੜਾ ਕੀਤਾ ਜਾ ਸਕੇ, ਕਿਉਂਕਿ 30 ਸੈਂਟੀਮੀਟਰ ਦੀ ਚੌੜਾਈ ਵਿਚ ਉਸ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਸੀ। ਬੱਚੇ ਨੂੰ ਬਚਾਉਣ ਲਈ ਖੱਡ ਹੋਰ ਪੁੱਟੀ ਗਈ ਅਤੇ ਮਿੱਟੀ ਨੂੰ ਬਾਹਰ ਕੱਢਿਆ ਗਿਆ, ਜਿਸ ਤੋਂ ਬਾਅਦ ਸੁਰੰਗ ਬਣਾ ਕੇ ਬੱਚੇ ਨੂੰ ਬਾਹਰ ਕੱਢਿਆ ਗਿਆ। ਇਸ ਕੰਮ ਲਈ ਬਚਾਅ ਕਰਮਚਾਰੀਆਂ ਨੂੰ 10 ਘੰਟੇ ਦੀ ਮਿਹਨਤ ਕਰਨੀ ਪਈ। ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਹੁਣ ਉਹ ਠੀਕ ਹੈ। ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜਾਨਲੇਵਾ ਸੱਟਾਂ ਨਹੀਂ ਲੱਗੀਆਂ ਹਨ।