ਨੇਪਾਲ ਦੇ ਕਈ ਸਕੂਲਾਂ ''ਚ ਚੀਨੀ ਭਾਸ਼ਾ ਹੋਈ ਜ਼ਰੂਰੀ, ਚੀਨ ਸਰਕਾਰ ਦੇਵੇਗੀ ਅਧਿਆਪਕਾਂ ਨੂੰ ਤਨਖਾਹ

06/16/2019 3:05:24 PM

ਬੀਜਿੰਗ— ਚੀਨ ਦੀ ਸਰਕਾਰ ਨੇ ਨੇਪਾਲ 'ਚ ਚੀਨੀ ਭਾਸ਼ਾ ਮੰਦਾਰਿਨ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਤਨਖਾਹ ਦਾ ਖਰਚ ਚੁੱਕਣ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਪ੍ਰਸਤਾਵ ਦਾ ਫਾਇਦਾ ਲੈਣ ਲਈ ਨੇਪਾਲ ਦੇ ਕਈ ਨਿੱਜੀ ਸਕੂਲਾਂ ਨੇ ਮੰਦਾਰਿਨ ਦੀ ਪੜ੍ਹਾਈ ਜ਼ਰੂਰੀ ਕਰ ਦਿੱਤੀ ਹੈ। ਇਕ ਮੀਡੀਆ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ।
ਨੇਪਾਲ 'ਚ ਸਕੂਲਾਂ ਦਾ ਸਿਲੇਬਸ ਤੈਅ ਕਰਨ ਵਾਲੇ ਸਰਕਾਰੀ ਵਿਭਾਗ 'ਕਰਿਕੁਲਮ ਡਿਵੈਲਪਮੈਂਟ ਸੈਂਟਰ' ਮੁਤਾਬਕ ਨੇਪਾਲ ਦੇ ਸਕੂਲਾਂ 'ਚ ਵਿਦੇਸ਼ੀ ਭਾਸ਼ਾ ਦੀ ਇਜਾਜ਼ਤ ਹੈ। ਹਾਲਾਂਕਿ ਸਕੂਲ ਕਿਸੇ ਵੀ ਵਿਦੇਸ਼ੀ ਭਾਸ਼ਾ ਨੂੰ ਜ਼ਰੂਰੀ ਨਹੀਂ ਕਰ ਸਕਦੇ ਹਨ।

ਸਕੂਲਾਂ ਨੂੰ ਇਸ ਨਿਯਮ ਦੀ ਜਾਣਕਾਰੀ ਹੈ, ਬਾਵਜੂਦ ਇਸ ਦੇ ਬਿਨਾਂ ਤਨਖਾਹ ਦਿੱਤੇ ਮੰਦਾਰਿਨ ਦਾ ਅਧਿਆਪਕ ਮਿਲਣ ਦੇ ਲਾਲਚ 'ਚ ਸਕੂਲ ਇਸ ਦੀ ਅਣਦੇਖੀ ਕਰ ਰਹੇ ਹਨ। 'ਕਰਿਕੁਲਮ ਡਿਵੈਲਪਮੈਂਟ ਸੈਂਟਰ' ਦੇ ਨਿਯਮ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਵਿਦੇਸ਼ੀ ਭਾਸ਼ਾ ਦੀ ਪੜ੍ਹਾਈ ਸਕੂਲ 'ਚ ਪੜ੍ਹਾਈ ਲਈ ਨਿਰਧਾਰਤ ਸਮੇਂ 'ਚ ਨਹੀਂ ਹੋਵੇਗੀ। ਸਾਰੇ ਸਕੂਲ ਇਸ ਨਿਯਮ ਦੀ ਵੀ ਧੜੱਲੇ ਨਾਲ ਅਣਗਹਿਲੀ ਕਰ ਰਹੇ ਹਨ।

ਚੀਨ ਦਾ ਨੇਪਾਲ 'ਚ ਦਖਲ ਲਗਾਤਾਰ ਵਧਦਾ ਜਾ ਰਿਹਾ ਹੈ। ਮਹੱਤਵਪੂਰਣ 'ਬੈਲਟ ਐਂਡ ਰੋਡ ਇਨੀਸ਼ਿਏਟਿਵ ਯੋਜਨਾ' ਨੇ ਇੱਥੇ ਚੀਨ ਦੀ ਮੌਜੂਦਗੀ ਨੂੰ ਵਧਾਉਣ 'ਚ ਮਦਦ ਕੀਤੀ ਹੈ। ਭਾਰਤ ਇਸ ਯੋਜਨਾ ਦਾ ਵਿਰੋਧ ਕਰਦਾ ਰਿਹਾ ਹੈ ਕਿਉਂਕਿ ਇਸ ਦਾ ਇਕ ਹਿੱਸਾ ਮਕਬੂਜਾ ਕਸ਼ਮੀਰ ਨਾਲ ਹੋ ਕੇ ਲੰਘਦਾ ਹੈ।