ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਤਿੰਨ ਦਿਨਾ ਦੌਰੇ ’ਤੇ ਪਹੁੰਚੇ ਨੇਪਾਲ

03/26/2022 4:46:28 PM

ਕਾਠਮੰਡੂ (ਭਾਸ਼ਾ)-ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਤਿੰਨ ਦਿਨਾ ਅਧਿਕਾਰਤ ਦੌਰੇ ’ਤੇ ਸ਼ੁੱਕਰਵਾਰ ਨੂੰ ਨੇਪਾਲ ਦੀ ਰਾਜਧਾਨੀ ਕਾਠਮੰਡੂ ਪਹੁੰਚੇ। ਵਾਂਗ ਆਪਣੀ ਇਸ ਯਾਤਰਾ ਦੌਰਾਨ ਆਪਣੇ ਨੇਪਾਲੀ ਹਮਰੁਤਬਾ ਨਾਰਾਇਣ ਖੜਕਾ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨਾਲ ਗੱਲਬਾਤ ਕਰਨਗੇ। ਵਾਂਗ ਇਕ ਸਟੇਟ ਕੌਂਸਲਰ ਵੀ ਹਨ। ਉਹ ਨਰਾਇਣ ਖੜਕਾ ਦੇ ਸੱਦੇ ’ਤੇ ਕਾਠਮੰਡੂ ਦੇ ਦੌਰੇ ’ਤੇ ਆਏ ਹਨ। ਪਿਛਲੇ ਸਾਲ ਜੁਲਾਈ ’ਚ ਨੇਪਾਲੀ ਕਾਂਗਰਸ ਦੇ ਪ੍ਰਧਾਨ ਦੇਉਬਾ ਦੇ ਰਿਕਾਰਡ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਿਸੇ ਉੱਚ ਪੱਧਰੀ ਚੀਨੀ ਅਧਿਕਾਰੀ ਦੀ ਨੇਪਾਲ ਦੀ ਇਹ ਪਹਿਲੀ ਯਾਤਰਾ ਹੈ। ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਣ ’ਤੇ ਵਾਂਗ ਦਾ ਸਵਾਗਤ ਨੇਪਾਲ ਦੇ ਵਿਦੇਸ਼ ਸਕੱਤਰ ਭਾਰਤ ਰਾਜ ਪੌਦਿਆਲ ਨੇ ਕੀਤਾ। ਨੇਪਾਲ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਵਾਂਗ ਸ਼ਨੀਵਾਰ ਨੂੰ ਵਿਦੇਸ਼ ਮੰਤਰੀ ਖੜਕਾ ਨਾਲ ਵਫ਼ਦ ਪੱਧਰ ਦੀ ਗੱਲਬਾਤ ਕਰਨਗੇ।

ਕਾਠਮੰਡੂ ’ਚ ਆਪਣੇ ਠਹਿਰਾਅ ਦੌਰਾਨ ਉਹ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਅਤੇ ਪ੍ਰਧਾਨ ਮੰਤਰੀ ਦੇਉਬਾ ਨਾਲ ਵੀ ਮੁਲਾਕਾਤ ਕਰਨਗੇ। ਦੋਵੇਂ ਧਿਰਾਂ ਆਰਥਿਕ ਅਤੇ ਤਕਨਾਲੋਜੀ ਸਹਾਇਤਾ ’ਤੇ ਕੁਝ ਸਮਝੌਤਿਆਂ ’ਤੇ ਦਸਤਖ਼ਤ ਕਰ ਸਕਦੀਆਂ ਹਨ। ਨਵੀਂ ਦਿੱਲੀ ਤੋਂ ਇਥੇ ਪਹੁੰਚੇ ਵਾਂਗ ਨੇ ਪਾਕਿਸਤਾਨ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਵਾਂਗ ਨੇ ਉਸ ਤੋਂ ਬਾਅਦ ਅਫ਼ਗਾਨਿਸਤਾਨ ਅਤੇ ਭਾਰਤ ਦਾ ਅਣ-ਐਲਾਨਿਆ ਦੌਰਾ ਕੀਤਾ। ਚੀਨ ਦੇ ਚੋਟੀ ਦੇ ਡਿਪਲੋਮੈਟ ਦੀ ਯਾਤਰਾ 50 ਕਰੋੜ ਡਾਲਰ ਦੇ ਮਿਲੇਨੀਅਮ ਚੈਲੰਜ ਕਾਰਪੋਰੇਸ਼ਨ (ਐੱਮ.ਸੀ.ਸੀ.) ਕੰਪੈਕਟ ਸਮਝੌਤੇ ਦੀ ਸੰਸਦੀ ਪ੍ਰਵਾਨਗੀ ਤੋਂ ਤੁਰੰਤ ਬਾਅਦ ਹੋ ਰਹੀ ਹੈ। ਸੂਤਰਾਂ ਨੇ ਕਿਹਾ ਕਿ ਚੀਨ ਨਹੀਂ ਚਾਹੁੰਦਾ ਕਿ ਨੇਪਾਲ ਐੱਮ.ਸੀ.ਸੀ਼ ਸਮਝੌਤੇ ਦੀ ਪੁਸ਼ਟੀ ਕਰੇ। ਪ੍ਰਮੁੱਖ ਸਿਆਸੀ ਪਾਰਟੀਆਂ ਦੇ ਉੱਚ ਪੱਧਰੀ ਨੇਤਾਵਾਂ ਨੇ ਰੇਖਾਂਕਿਤ ਕੀਤਾ ਹੈ ਕਿ ਵਾਂਗ ਦੇ ਦੌਰੇ ਨੂੰ ਨੇਪਾਲ ਅਤੇ ਚੀਨ ਵਿਚਾਲੇ ਸਬੰਧਾਂ ਨੂੰ ਸੁਧਾਰਨ ਦੇ ਮੌਕੇ ਵਜੋਂ ਵਰਤਿਆ ਜਾਣਾ ਚਾਹੀਦਾ ਹੈ।

ਵਾਂਗ ਦੀ ਫੇਰੀ ਦੌਰਾਨ ਚੀਨੀ ਪੱਖ ਨੇ 'ਬੈਲਟ ਐਂਡ ਰੋਡ ਇਨੀਸ਼ੀਏਟਿਵ ਪ੍ਰੋਜੈਕਟ' ਲਾਗੂ ਕਰਨ ਦੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਇੱਛਾ ਪ੍ਰਗਟਾਈ ਹੈ। ਦੋਵਾਂ ਪੱਖਾਂ ਦੇ ਪ੍ਰੋਜੈਕਟ ਲਾਗੂ ਕਰਨ ਦੀ ਯੋਜਨਾ ਦੇ ਮੂਲ ਪਾਠ ’ਤੇ ਸਹਿਮਤ ਹੋਣ ਦੀ ਉਮੀਦ ਹੈ, ਜੋ ਕਿ ਬੀ.ਆਰ.ਆਈ. ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਰਾਹ ਪੱਧਰਾ ਕਰੇਗਾ।

Manoj

This news is Content Editor Manoj