WHO ਨੇ ਕੋਰੋਨਾਵਾਇਰਸ ਨੂੰ ਐਲਾਨਿਆ 'ਅੰਤਰਰਾਸ਼ਟਰੀ ਸਿਹਤ ਸੰਕਟ'

01/31/2020 9:26:36 AM

ਬੀਜਿੰਗ (ਬਿਊਰੋ): ਚੀਨ ਵਿਚ ਤੇਜ਼ੀ ਨਾਲ ਫੈਲ ਰਿਹਾ ਜਾਨਲੇਵਾ ਕੋਰੋਨਾਵਾਇਰਸ ਗੰਭੀਰ ਰੂਪ ਲੈ ਚੁੱਕਾ ਹੈ। ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਸੰਗਠਨ (WHO)ਨੇ ਇਸ ਨੂੰ ਅੰਤਰਰਾਸ਼ਟਰੀ ਸਿਹਤ ਸੰਕਟ (global health emergency)ਕਰਾਰ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰਾਸ ਐਬਨਾਮ ਗੇਬ੍ਰੀਸਸ ਨੇ ਦੱਸਿਆ ਕਿ ਕੋਰੋਨਾਵਾਇਰਸ ਨੂੰ ਅੰਤਰਰਾਸ਼ਟਰੀ ਸਿਹਤ ਸੰਕਟ ਐਲਾਨ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਹੁਣ ਇਹ ਸਿਰਫ ਚੀਨ ਵਿਚ ਨਹੀਂ ਰਿਹਾ ਸਗੋਂ ਕਈ ਦੇਸ਼ਾਂ ਵਿਚ ਫੈਲ ਰਿਹਾ ਹੈ। ਸਾਡੀ ਚਿੰਤਾ ਹੈ ਕਿ ਦੂਜੇ ਦੇਸ਼ਾਂ ਵਿਚ ਕਮਜ਼ੋਰ ਸਿਹਤ ਵਿਵਸਥਾਵਾਂ ਕਾਰਨ ਇਹ ਹੋਰ ਫੈਲ ਸਕਦਾ ਹੈ।

ਇੱਥੇ ਦੱਸ ਦਈਏ ਕਿ ਚੀਨ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 213 ਪਹੁੰਚ ਚੁੱਕੀ ਹੈ। ਜਦਕਿ 9,692 ਮਾਮਲੇ ਸਾਹਮਣੇ ਆ ਚੁੱਕੇ ਹਨ। ਦੁਨੀਆ ਭਰ ਵਿਚ ਇਸ ਦੇ ਪੀੜਤਾਂ ਦੀ ਗਿਣਤੀ 12167 ਤੱਕ ਪਹੁੰਚ ਚੁੱਕੀ ਹੈ। ਡਬਲਊ.ਐੱਚ.ਓ. ਵੱਲੋਂ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਦੇ ਹੋਰ ਦੇਸ਼ਾਂ ਵਿਚ ਹੁਣ ਤੱਕ 98 ਮਾਮਲੇ ਸਾਹਮਣੇ ਆ ਚੁੱਕੇ ਹਨ। ਕੁੱਲ 18 ਦੇਸ਼ਾਂ ਵਿਚ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਭਾਵੇਂਕਿ ਇਸ ਕਾਰਨ ਮਰੀਜ਼ਾਂ ਦੀ ਮੌਤ ਨਹੀਂ ਹੋਈ ਹੈ। ਜ਼ਿਆਦਾਤਰ ਮਾਮਲੇ ਉਹਨਾਂ ਲੋਕਾਂ ਦੇ ਹਨ ਜਿਹਨਾਂ ਨੇ ਚੀਨ ਦੀ ਯਾਤਰਾ ਕੀਤੀ ਹੈ ਅਤੇ ਉਹ ਵੀ ਮੁੱਖ ਰੂਪ ਨਾਲ ਵੁਹਾਨ ਸ਼ਹਿਰ ਦੀ। 

ਇਹ ਵਾਇਰਸ ਪਹਿਲੀ ਵਾਰ ਇਸੇ ਸ਼ਹਿਰ ਵਿਚ ਪਹਿਲੀ ਵਾਰ ਫੈਲਣਾ ਸ਼ੁਰੂ ਹੋਇਆ ਸੀ। ਕੋਰੋਨਾਵਾਇਰਸ ਦੇ ਖਤਰੇ ਕਾਰਨ ਕਈ ਦੇਸ਼ਾਂ ਨੇ ਚੀਨ ਯਾਤਰਾ ਨੂੰ ਲੈ ਕੇ ਮਹੱਤਵਪੂਰਨ ਕਦਮ ਚੁੱਕੇ ਹਨ ਅਤੇ ਕੁਝ ਦਿਨਾਂ ਦੇ ਲਈ ਚੀਨ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਇਸ ਕਾਰਨ ਗੂਗਲ, ਸਟਾਰਬਕਸ, ਟੇਸਲਾ ਸਮੇਤ ਕਈ ਕੰਪਨੀਆਂ ਨੇ ਆਪਣਾ ਕੰਮ ਚੀਨ ਵਿਚ ਬੰਦ ਕਰ ਦਿੱਤਾ ਹੈ। 

Vandana

This news is Content Editor Vandana