ਚੀਨ ਦੇ ਪੁਲਾੜ ਨਾਲ ਸਬੰਧਿਤ ਪ੍ਰੋਗਰਾਮ ਦੁਨੀਆ ਲਈ ਹਨ ਚਿੰਤਾ ਦਾ ਵਿਸ਼ਾ

08/04/2021 1:45:04 AM

ਇੰਟਰਨੈਸ਼ਨਲ ਡੈਸਕ : ਅਮਰੀਕਾ, ਫਰਾਂਸ, ਰੂਸ ਅਤੇ ਭਾਰਤ ਵਰਗੇ ਦੇਸ਼ਾਂ ਨੇ ਪੁਲਾੜ ਖੋਜ ਦੀ ਦਿਸ਼ਾ ’ਚ ਬਹੁਤ ਤਰੱਕੀ ਕੀਤੀ ਹੈ। ਪੁਲਾੜ ਖੋਜ ’ਚ ਮੋਹਰੀ ਵਿਸ਼ਵ ਦੇ ਇਨ੍ਹਾਂ ਦੇਸ਼ਾਂ ਵਾਂਗ ਚੀਨ ਵੀ ਪਿਛਲੇ ਕਈ ਸਾਲਾਂ ਤੋਂ ਇਸ ਕੋਸ਼ਿਸ਼ ’ਚ ਲੱਗਾ ਹੋਇਆ ਹੈ। 2019 ’ਚ ਚੀਨ ਨੂੰ ਇੱਕ ਵੱਡੀ ਸਫਲਤਾ ਮਿਲੀ, ਜਦੋਂ ਉਹ ਚੰਦਰਮਾ ’ਤੇ ਪਹਿਲਾ ਮਨੁੱਖ ਰਹਿਤ ਰੋਵਰ ਭੇਜਣ ’ਚ ਕਾਮਯਾਬ ਹੋਇਆ ਅਤੇ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ। ਇਸ ਦੌਰਾਨ ਪੁਲਾੜ ਦੀ ਉਤਸੁਕਤਾ ਨਾਲ ਭਰੀ ਖੋਜ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ’ਚ ਦਬਦਬੇ ਦੀ ਲੜਾਈ ’ਚ ਬਦਲ ਰਹੀ ਹੈ। ਧਰਤੀ ਉੱਤੇ ਮਨੁੱਖੀ ਵਿਕਾਸ ਲਈ ਸਪੇਸ ਦੀ ਵਰਤੋਂ ਕਰਨ ਦੇ ਯਤਨ ਧਰਤੀ ਤੋਂ ਬਾਹਰ ਵੱਡੇ ਦੇਸ਼ਾਂ ’ਚ ਮੁਕਾਬਲੇ ਵਿੱਚ ਬਦਲ ਗਏ ਹਨ।

ਇਹ ਵੀ ਪੜ੍ਹੋ : ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਦੇ ਮੈਟਰੋ ਸਟੇਸ਼ਨ ਨੇੜੇ ਚੱਲੀਆਂ ਗੋਲੀਆਂ, ਕਈ ਲੋਕ ਜ਼ਖ਼ਮੀ

ਪੁਲਾੜ ਭਵਿੱਖ ਦੇ ਯੁੱਧ ਖੇਤਰ ’ਚ ਬਦਲ ਰਿਹਾ ਹੈ ਅਤੇ ਇਸ ’ਚ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਵੀ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਅਮਰੀਕਾ ਨੇ ਵੀ ਚੋਣਵੇਂ ਰੂਪ ’ਚ ਇਨ੍ਹਾਂ ਨਿਯਮਾਂ ਦੀ ਪਾਲਣਾ ਕੀਤੀ ਹੈ ਪਰ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਮਾਪਦੰਡਾਂ ਦੇ ਮਾਮਲੇ ’ਚ ਚੀਨ ਆਪਣਾ ਰਾਗ ਅਲਾਪਣ ’ਚ ਸਭ ਤੋਂ ਅੱਗੇ ਹੈ। ਚਾਹੇ ਉਹ ਆਰਕਟਿਕ ਖੇਤਰ ਹੋਵੇ ਜਾਂ ਦੱਖਣੀ ਚੀਨ ਸਾਗਰ ਜਾਂ ਦੁਰਲੱਭ ਧਰਤੀ ਦੀਆਂ ਧਾਤਾਂ ਦਾ ਮੁੱਦਾ, ਚੀਨ ਅੰਤਰਰਾਸ਼ਟਰੀ ਭਾਈਚਾਰੇ ਦੇ ਕਾਨੂੰਨਾਂ ਅਤੇ ਸਥਾਪਿਤ ਕਦਰਾਂ-ਕੀਮਤਾਂ ’ਤੇ ਝਾਤ ਮਾਰ ਕੇ ਇਸ ਦਾ ਲਾਭ ਵੇਖਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਸੇ ਲੜੀ ’ਚ ਇੱਕ ਨਵੀਂ ਕੜੀ ਪਿਛਲੇ ਹਫਤੇ ਜੋੜੀ ਗਈ ਸੀ, ਜਦੋਂ ਚੀਨ ਦੇ ਹੈਨਾਨ ਪ੍ਰਾਂਤ ਤੋਂ ਲਾਂਚ ਕੀਤਾ ਗਿਆ ਇੱਕ ਰਾਕੇਟ ਕੰਟਰੋਲ ਤੋਂ ਬਾਹਰ ਹੋ ਗਿਆ ਸੀ ਅਤੇ ਇਸ ਦੇ ਲਾਂਚ ਦਾ ਇੱਕ ਹਿੱਸਾ ਮਲਬੇ ਦੇ ਰੂਪ ’ਚ ਧਰਤੀ ਉੱਤੇ ਡਿੱਗ ਗਿਆ ਸੀ। ਮਾਲਦੀਵ ਦੇ ਬਹੁਤ ਨੇੜੇ ਹਿੰਦ ਮਹਾਸਾਗਰ ’ਚ ਡਿੱਗੇ ਇਸ ਰਾਕੇਟ ਦਾ ਪੇ-ਲੋਡ 22 ਟਨ ਭਾਰੀ ਸੀ। ਹਿੰਦ ਮਹਾਸਾਗਰ ’ਚ ਜਿਹੜਾ ਮਲਬਾ ਡਿੱਗਿਆ ਸੀ, ਉਹ ਇਸ ਰਾਕੇਟ ਦੇ ਉਪਰਲੇ ਪੜਾਅ ਦਾ ਹਿੱਸਾ ਸੀ। ਚੀਨ ਦੇ ਇਸ ਲੌਂਗ ਮਾਰਚ-5 ਬੀ ਰਾਕੇਟ ਦੇ ਲਾਂਚ ਦਾ ਉਦੇਸ਼, ਜੋ 29 ਅਪ੍ਰੈਲ ਨੂੰ ਹੋਇਆ ਸੀ, ਚੀਨ ਦੇ ਨਵੇਂ ਪੁਲਾੜ ਸਟੇਸ਼ਨ ਦੇ ਪਹਿਲੇ ਮਾਡਿਊਲ ਨੂੰ ਸਥਾਪਿਤ ਕਰਨਾ ਸੀ। ਮੰਨਿਆ ਜਾ ਰਿਹਾ ਹੈ ਕਿ ਚੀਨ ਦਾ ਇਹ ਤਿਆਨਹੇ ਪੁਲਾੜ ਸਟੇਸ਼ਨ 2022 ਤੱਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹਨੀ ਸਿੰਘ ਖ਼ਿਲਾਫ਼ ਪਤਨੀ ਨੇ ਦਰਜ ਕਰਵਾਇਆ ਘਰੇਲੂ ਹਿੰਸਾ ਦਾ ਕੇਸ, ਅਦਾਲਤ ਵੱਲੋਂ ਨੋਟਿਸ ਜਾਰੀ

ਆਲੋਚਕਾਂ ਦਾ ਮੰਨਣਾ ਹੈ ਕਿ ਚੀਨ ਦਾ ਇਹ ਲਾਂਚ ਦੂਜੇ ਦੇਸ਼ਾਂ ਦੇ ਲਾਂਚ ਤੋਂ ਵੱਖਰਾ ਸੀ। ਜਿੱਥੇ ਅਮਰੀਕਾ ਵਰਗੇ ਦੇਸ਼ ਪੁਲਾੜ ’ਚ ਲਾਂਚ ਹੋਣ ਤੋਂ ਬਾਅਦ ਆਪਣੇ ਰਾਕੇਟ ਦਾ ਕੰਟਰੋਲ ਰੱਖਦੇ ਹਨ, ਜਦੋਂ ਤੱਕ ਉਹ ਧਰਤੀ ਦੇ ਚੱਕਰ ’ਚ ਵਾਪਸ ਨਹੀਂ ਆਉਂਦੇ ਜਾਂ ਮਲਬੇ ਨੂੰ ਪੁਲਾੜ ’ਚ ਹੀ ਨਹੀਂ ਛੱਡ ਦਿੰਦੇ। ਇਹ ਮੰਨਿਆ ਜਾਂਦਾ ਹੈ ਕਿ ਚੀਨ ਨੇ ਅਜਿਹਾ ਨਹੀਂ ਕੀਤਾ। ਦੁਨੀਆ ਦੇ ਇਹ ਸਾਰੇ ਦੇਸ਼ ਵੀ ਇਸ ਬਾਰੇ ਪੂਰੀ ਪਾਰਦਰਸ਼ਿਤਾ ਰੱਖਦੇ ਹਨ ਤਾਂ ਜੋ ਜਾਨ ਅਤੇ ਮਾਲ ਨੂੰ ਕੋਈ ਖਤਰਾ ਨਾ ਹੋਵੇ ਪਰ ਚੀਨ ਨੇ ਰਾਕੇਟ ਦੀ ਵਾਪਸੀ ’ਤੇ ਕੋਈ ਪਾਰਦਰਸ਼ਿਤਾ ਨਹੀਂ ਰੱਖੀ। ਚੀਨ ਦਾ ਗੁਣਾ ਗਣਿਤ ਸਿਰਫ ਇਸ ਤੱਥ ’ਤੇ ਆਧਾਰਿਤ ਸੀ ਕਿ ਜੇ ਧਰਤੀ ਦਾ 71 ਫੀਸਦੀ ਹਿੱਸਾ ਸਮੁੰਦਰ ਹੀ ਹੈ ਤਾਂ ਰਾਕੇਟ ਦੇ ਮਲਬੇ ਦੇ ਸਮੁੰਦਰ ’ਚ ਡਿੱਗਣ ਦੀ ਸੰਭਾਵਨਾ ਵੀ 71 ਫੀਸਦੀ ਹੋਈ ਸੀ। ਦੂਜੇ ਸ਼ਬਦਾਂ ਵਿੱਚ ਚੀਨ ਜਾਣਦਾ ਸੀ ਕਿ ਇਸ ਦੇ ਜ਼ਮੀਨ ’ਤੇ ਡਿੱਗਣ ਦੀਆਂ ਸੰਭਾਵਨਾਵਾਂ ਅਤੇ ਖਾਸ ਕਰ ਕੇ ਰਿਹਾਇਸ਼ੀ ਖੇਤਰਾਂ ’ਚ ਬਹੁਤ ਘੱਟ ਸਨ। ਇੱਥੋਂ ਤਕ ਕਿ ਆਪਣੇ ਅਧਿਕਾਰਤ ਬਿਆਨ ’ਚ ਚੀਨ ਨੇ ਇਹ ਨਹੀਂ ਦੱਸਿਆ ਕਿ ਮਲਬਾ ਆਖਿਰ ਕਿੱਥੇ ਡਿੱਗੇਗਾ ਪਰ ਜਦੋਂ ਲੱਗਭਗ 22 ਟਨ ਵਜ਼ਨ ਵਾਲਾ ਇਹ ਰਾਕੇਟ ਲੱਗਭਗ 27,000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅਰਬ ਸਾਗਰ ਉੱਤੇ ਧਰਤੀ ਦੀ ਹੱਦ ’ਚ ਦਾਖਲ ਹੋਇਆ ਤਾਂ ਸਾਰੀਆਂ ਪੁਲਾੜ ਏਜੰਸੀਆਂ ਹੱਕੀਆਂ-ਬੱਕੀਆਂ ਰਹਿ ਗਈਆਂ। ਇਹ ਡਰ ਸੀ ਕਿ ਸ਼ਾਇਦ ਇਹ ਅਮਰੀਕਾ, ਨਿਊਜ਼ੀਲੈਂਡ ਜਾਂ ਏਸ਼ੀਆ ਦੇ ਕਿਸੇ ਹੋਰ ਦੇਸ਼ ’ਚ ਡਿਗ ਨਾ ਪਵੇ।

 ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਸ ਪ੍ਰਤੀ ਚੀਨ ਦੇ ਰਵੱਈਏ ਦੀ ਸਖਤ ਆਲੋਚਨਾ ਕੀਤੀ ਹੈ। ਨਾਸਾ ਨੇ ਇਹ ਵੀ ਕਿਹਾ ਕਿ ਚੀਨ ਅੰਤਰਰਾਸ਼ਟਰੀ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਨਾਲ-ਨਾਲ ਪਾਰਦਰਿਸ਼ਤਾ ਦਿਖਾਉਣ ’ਚ ਅਸਫਲ ਰਿਹਾ ਹੈ। ਚੀਨ ਦੀ ਆਲੋਚਨਾ ਕਰਦਿਆਂ ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਨੇ ਕਿਹਾ ਕਿ ਪੁਲਾੜ ਖੋਜ ’ਚ ਲੱਗੇ ਦੇਸ਼ਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਗਤੀਵਿਧੀਆਂ ਧਰਤੀ ਉੱਤੇ ਜੀਵਨ ਅਤੇ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਉਣ।
 

Manoj

This news is Content Editor Manoj