ਚੀਨ ਨੇ ਭਾਰਤ ਦੇ ਨਵੇਂ FDI ਨਿਯਮਾਂ ਦਾ ਕੀਤਾ ਵਿਰੋਧ, ਦੱਸਿਆ-WTO ਨਿਯਮਾਂ ਦੇ ਖਿਲਾਫ

04/20/2020 2:50:55 PM

ਬੀਜਿੰਗ - ਭਾਰਤ ਵਲੋਂ ਗੁਆਂਢੀ ਦੇਸ਼ਾਂ ਨਾਲ ਐਫ.ਡੀ.ਆਈ. ਨਿਯਮਾਂ ਵਿਚ ਬਦਲਾਅ ਕਰਨ 'ਤੇ ਚੀਨ ਨੇ ਸਖਤ ਪ੍ਰਤੀਕ੍ਰਿਆ ਜ਼ਾਹਰ ਕੀਤੀ ਹੈ। ਭਾਰਤ ਵਿਚ ਚੀਨੀ ਰਾਜਦੂਤ ਨੇ ਇਨ੍ਹਾਂ ਤਬਦੀਲੀਆਂ ਨੂੰ ਡਬਲਯੂ.ਟੀ.ਓ. ਨਿਯਮਾਂ ਦੇ ਵਿਰੁੱਧ ਦੱਸਿਆ ਹੈ। ਚੀਨ ਵਲੋਂ ਕਿਹਾ ਗਿਆ ਹੈ ਕਿ ਚੀਨ ਨੇ ਭਾਰਤ ਵਿਚ ਬਹੁਤ ਵੱਡਾ ਨਿਵੇਸ਼ ਕੀਤਾ ਹੈ। ਚੀਨ ਨੇ ਭਾਰਤ ਵਿਚ 8 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਚੀਨ ਤੋਂ ਹੋਏ ਨਿਵੇਸ਼ਾਂ ਨੇ ਭਾਰਤ ਵਿਚ ਬਹੁਤ ਸਾਰੀਆਂ ਨੌਕਰੀਆਂ ਪੈਦਾ ਕੀਤੀਆਂ ਹਨ।


ਚੀਨ ਦੁਆਰਾ ਹਾਲ ਹੀ ਵਿਚ ਕੀਤੇ ਗਏ ਨਿਵੇਸ਼ ਦਾ ਕੋਈ ਗਲਤ ਉਦੇਸ਼ ਨਹੀਂ ਹੈ। ਭਾਰਤ ਵੱਲੋਂ ਚੀਨ ਦੇ ਨਿਵੇਸ਼ ਨੂੰ ਰੋਕਣ ਲਈ ਚੁੱਕੇ ਗਏ ਕਦਮ ਉਦਾਰੀਕਰਨ ਦੀਆਂ ਨੀਤੀਆਂ ਦੇ ਵਿਰੁੱਧ ਹਨ। ਚੀਨ ਨੇ ਹੁਣੇ ਹੀ ਭਾਰਤ ਸਰਕਾਰ ਨੂੰ ਇਕ ਪੱਤਰ ਲਿਖ ਕੇ ਆਪਣਾ ਇਤਰਾਜ਼ ਜਤਾਇਆ ਹੈ। ਪਰ ਅੱਗੇ ਇਹ ਮਾਮਲਾ ਡਬਲਯੂ.ਟੀ.ਓ. ਕੋਲ ਜਾ ਸਕਦਾ ਹੈ।


ਸਰਕਾਰ ਨੇ ਚੀਨ ਤੋਂ ਆਉਣ ਵਾਲੇ ਵਿਦੇਸ਼ੀ ਨਿਵੇਸ਼ 'ਤੇ ਸਖਤੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਜਿਨ੍ਹਾਂ ਦੇਸ਼ਾਂ ਨਾਲ ਭਾਰਤ ਦੀ ਸਰਹੱਦ ਲਗਦੀ ਹੈ, ਉਨ੍ਹਾਂ ਦੇਸ਼ਾਂ ਤੋਂ ਹੋਣ ਵਾਲੇ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਪਹਿਲਾਂ ਸਰਕਾਰ ਤੋਂ ਮਨਜ਼ੂਰੀ ਲੈਣੀ ਹੋਵੇਗੀ। ਹੁਣ ਤੱਕ ਇਹ ਨਿਵੇਸ਼ ਆਟੋਮੈਟਿਕ ਰੂਟ ਦੁਆਰਾ ਕੀਤੇ ਜਾ ਰਹੇ ਸਨ। ਹੁਣ ਚੀਨ ਸਮੇਤ ਸਾਰੇ ਗੁਆਂਢੀ ਦੇਸ਼ਾਂ ਨੂੰ ਐਫ.ਡੀ.ਆਈ. ਲਈ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ।

ਹੋਰ ਦੇਸ਼ਾਂ ਨੇ ਵੀ ਲਾਗੂ ਕੀਤੇ ਅਜਿਹੇ ਨਿਯਮ

ਜ਼ਿਕਰਯੋਗ ਹੈ ਕਿ ਜਰਮਨੀ, ਆਸਟਰੇਲੀਆ, ਸਪੇਨ, ਇਟਲੀ ਨੇ ਵੀ ਇਸੇ ਤਰ੍ਹਾਂ ਦੇ ਕਦਮ ਚੁੱਕੇ ਹਨ। ਇਹ ਕਦਮ ਕੋਰੋਨਾ ਕਾਰਨ ਚੁੱਕੇ ਗਏ ਹਨ। ਸਰਕਾਰ ਦੇ ਇਸ ਕਦਮ ਦਾ ਉਦੇਸ਼ ਕੰਪਨੀਆਂ ਦੀ ਵੈਲਿਉਏਸ਼ਨ ਵਿਚ ਗਿਰਵਾਟ ਦਾ ਫਾਇਦਾ ਚੁੱਕਣ ਵਾਲਿਆਂ ਤੇ ਸਖਤੀ ਕਰਨਾ ਹੈ।

ਭਾਰਤ ਸਰਕਾਰ ਨੇ ਇਸ ਕਾਰਨ ਲਿਆ ਇਹ ਫੈਸਲਾ

ਕੇਂਦਰੀ ਬੈਂਕ ਆਫ ਚਾਈਨਾ ਵਲੋਂ ਭਾਰਤੀ ਕੰਪਨੀ ਹਾਊਸਿੰਗ ਡਿਵੈਲਪਮੈਂਟ ਫਾਈਨੈਂਸ ਕਾਰਪੋਰੇਸ਼ਨ (ਐਚ.ਡੀ.ਐੱਫ.ਸੀ.) ਵਿਚ ਹਿੱਸੇਦਾਰੀ 1 ਫ਼ੀਸਦੀ ਤੋਂ ਥੋੜ੍ਹੀ ਜ਼ਿਆਦਾ ਕਰਨ ਦੇ ਬਾਅਦ ਸਰਕਾਰ ਨੇ ਇਹ ਫੈਸਲਾ ਲਿਆ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਅਜਿਹੀਆਂ ਖਬਰਾਂ ਆਈਆਂ ਹਨ ਕਿ ਕੋਰੋਨਾ ਕਾਰਨ ਫੈਲੀ ਹਫੜਾ-ਦਫੜੀ ਦਾ ਫਾਇਦਾ ਉਠਾਉਂਦਿਆਂ ਚੀਨ ਪੂਰੀ ਦੁਨੀਆ ਵਿਚ ਆਪਣਾ ਨਿਵੇਸ਼ ਵਧਾ ਰਿਹਾ ਹੈ।


 

Harinder Kaur

This news is Content Editor Harinder Kaur