ਕੈਂਸਰ ਕਾਰਨ ਨਹੀਂ ਰਹੇ ਪੈਰ ਪਰ ਮਾਊਂਟ ਐਵਰੈਸਟ ਨੂੰ ਫਤਹਿ ਕਰਨ ਦੇ ਹੌਂਸਲੇ ਬੁਲੰਦ

04/07/2018 12:00:14 PM

ਚੀਨ— ਚਾਰ ਦਹਾਕੇ ਪਹਿਲਾਂ ਐਵਰੈਸਟ ਦੀ ਚੜ੍ਹਾਈ ਦੌਰਾਨ ਚੀਨ 'ਚ ਰਹਿਣ ਵਾਲੇ ਜਿਆ ਬੋਊ ਆਪਣੇ ਦੋਵੇਂ ਪੈਰ ਗੁਆ ਬੈਠੇ ਸਨ। ਹੁਣ ਸ਼ਾਇਦ ਉਨ੍ਹਾਂ ਦਾ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਜਿੱਤਣ ਦਾ ਸੁਪਨਾ ਜਲਦੀ ਪੂਰਾ ਹੋ ਸਕਦਾ ਹੈ। ਹਾਲ ਹੀ 'ਚ ਨੇਪਾਲ ਦੀ ਸੁਪਰੀਮ ਕੋਰਟ ਨੇ ਸਰਕਾਰ ਦੇ ਉਸ ਹੁਕਮ ਨੂੰ ਖਾਰਜ ਕਰ ਦਿੱਤਾ, ਜਿਸ 'ਚ ਦੋਹਾਂ ਪੈਰਾਂ ਨੂੰ ਗੁਆ ਚੁੱਕੇ ਅਤੇ ਦੇਖਣ ਤੋਂ ਅਸਮਰਥ ਲੋਕਾਂ 'ਤੇ ਐਵਰੈਸਟ 'ਤੇ ਚੜ੍ਹਾਈ ਕਰਨ 'ਤੇ ਰੋਕ ਲਗਾ ਦਿੱਤੀ ਗਈ ਸੀ।
ਅਪਾਹਜਾਂ ਦੇ ਅਧਿਕਾਰਾਂ ਲਈ ਲੜਨ ਵਾਲੇ ਸਮੂਹ ਨੇ ਸਰਕਾਰ ਦੇ ਇਸ ਫੈਸਲੇ ਖਿਲਾਫ ਕਾਨੂੰਨੀ ਲੜਾਈ ਲੜੀ ਸੀ। ਰੋਕ ਹਟਣ ਦੇ ਬਾਅਦ ਚੜ੍ਹਾਈ ਦਾ ਪਰਮਿਟ ਪ੍ਰਾਪਤ ਕਰਨ ਵਾਲੇ 69 ਸਾਲ ਦੇ ਬੋਊ ਪਹਿਲੇ ਦਿਵਯਾਂਗ (ਅਪਾਹਜ) ਹਨ। ਬੋਊ ਨੇ ਇਸ ਤੋਂ ਪਹਿਲਾਂ ਚਾਰ ਵਾਰ ਐਵਰੈਸਟ 'ਤੇ ਚੜ੍ਹਾਈ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋਏ। 1975 'ਚ ਉਹ ਚੀਨ ਦੀ ਰਾਸ਼ਟਰੀ ਟੀਮ ਦਾ ਹਿੱਸਾ ਸਨ ਪਰ 8,848 ਮੀਟਰ ਉੱਚੀ ਚੋਟੀ 'ਤੇ ਪੁੱਜਣ ਤੋਂ ਕੁੱਝ ਦੂਰ ਪਹਿਲਾਂ ਹੀ ਖਰਾਬ ਮੌਸਮ ਕਾਰਨ ਜਿਆ ਬੋਊ ਨੂੰ ਵਾਪਸ ਮੁੜਨਾ ਪਿਆ। 1996 'ਚ ਬਲੱਡ ਕੈਂਸਰ ਕਾਰਨ ਉਨ੍ਹਾਂ ਦੇ ਗੋਡਿਆਂ ਤੋਂ ਹੇਠ ਦੋਵੇਂ ਪੈਰ ਕੱਟਣੇ ਪਏ ਸਨ। ਫਿਰ ਵੀ ਉਨ੍ਹਾਂ ਨੇ ਆਪਣਾ ਹੌਂਸਲਾ ਨਾ ਛੱਡਿਆ ਅਤੇ 2014, 2015 ਅਤੇ 2016 'ਚ ਐਵਰੈਸਟ'ਤੇ ਫਿਰ ਤੋਂ ਚੜ੍ਹਾਈ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਕਦੇ ਵਿਰੋਧੀ ਮੌਸਮ ਅਤੇ ਫਿਰ 2015 'ਚ ਆਏ ਭੂਚਾਲ ਕਾਰਨ ਉਹ ਆਪਣਾ ਟੀਚਾ ਪੂਰਾ ਨਾ ਕਰ ਸਕੇ। 
ਬੋਊ ਦੇ ਮਾਰਗਦਰਸ਼ਕ ਦਾਵਾ ਗਿਆਲਜੇ ਸ਼ੇਰਪਾ ਜੋ 8 ਵਾਰ ਐਵਰੈਸਟ ਜਿੱਤ ਚੁੱਕੇ ਹਨ , ਨੇ ਉਮੀਦ ਪ੍ਰਗਟ ਕੀਤੀ ਕਿ ਇਸ ਵਾਰ ਜਿਆ ਬੋਊ ਆਪਣਾ ਸੁਪਨਾ ਪੂਰਾ ਕਰ ਲੈਣਗੇ। ਸ਼ੇਰਪਾ ਨੇ ਦੱਸਿਆ ਕਿ ਬੋਊ ਲਗਾਤਾਰ ਸਿਖਲਾਈ ਲੈ ਰਹੇ ਹਨ। ਇਸ ਤੋਂ ਪਹਿਲਾਂ ਉਹ 2006 'ਚ 8 ਹਜ਼ਾਰ ਮੀਟਰ ਦੀ ਚੜ੍ਹਾਈ ਕਰ ਚੁੱਕੇ ਹਨ। ਨਿਊਜ਼ੀਲੈਂਡ ਦੇ ਮਾਰਕ ਇੰਗਲਿਸ਼ ਨਕਲੀ ਪੈਰਾਂ ਨਾਲ ਐਵਰੈਸਟ ਦੀ ਚੜ੍ਹਾਈ ਕਰਨ ਵਾਲੇ ਪਹਿਲੇ ਵਿਅਕਤੀ ਹਨ। ਜਿਆ ਬੋਊ ਵੀ ਉਨ੍ਹਾਂ ਵਾਂਗ ਐਵਰੈਸਟ 'ਤੇ ਚੜ੍ਹਾਈ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਨ।