ਵਪਾਰ ਯੁੱਧ ਨਾਲ ਚੀਨ ਨੂੰ ਖਰਬਾਂ ਡਾਲਰ ਦਾ ਨੁਕਸਾਨ, 30 ਲੱਖ ਨੌਕਰੀਆਂ ਗਈਆਂ : ਟਰੰਪ

09/10/2019 4:50:09 PM

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਚੀਨ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਉੱਤੇ ਉਸਦੇ ਪ੍ਰਸ਼ਾਸਨ ਵਲੋਂ ਲਗਾਈ ਗਈ ਡਿਊਟੀ ਕਾਰਨ ਚੀਨ ਨੂੰ ਖਰਬਾਂ ਡਾਲਰ ਅਤੇ 30 ਲੱਖ ਨੌਕਰੀਆਂ ਦਾ ਨੁਕਸਾਨ ਹੋਇਆ ਹੈ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਚੀਨ ਖਿਲਾਫ ਬਹੁਤ ਵਧੀਆ ਕਰ ਰਿਹਾ ਹੈ। ਉਸਨੇ ਕਿਹਾ ਕਿ ਚੀਨ  'ਵਪਾਰ ਸਮਝੌਤਾ ਕਰਨ ਦਾ ਚਾਹਵਾਨ ਹੈ ਅਤੇ ਕਿਸੇ ਵੀ ਤਰੀਕੇ ਨਾਲ ਵਪਾਰ ਸਮਝੌਤੇ ਕਰਨਾ ਚਾਹੁੰਦਾ ਹੈ।' ਪਿਛਲੇ ਸਾਲ ਤੋਂ ਦੁਨੀਆ ਦੀਆਂ ਇਨ੍ਹਾਂ ਦੋ ਚੋਟੀ ਦੀਆਂ ਅਰਥਵਿਵਸਥਾਵਾਂ ਵਿਚਕਾਰ ਵਪਾਰਕ ਜੰਗ ਚਲ ਰਹੀ ਹੈ, ਇਸ ਲੜਾਈ ਕਾਰਨ ਦੋਵੇਂ ਪੱਖਾਂ ਨੇ ਅਰਬਾਂ ਡਾਲਰ ਦੇ ਇਕ ਦੂਜੇ 'ਤੇ ਟੈਕਸ(ਕਸਟਮ ਡਿਊਟੀ) ਲਗਾਏ। 

ਪਿਛਲੇ 10 ਮਹੀਨਿਆਂ ਤੋਂ ਦੋਵੇਂ ਦੇਸ਼ ਵਪਾਰਕ ਸਮਝੌਤੇ 'ਤੇ ਗੱਲਬਾਤ ਕਰ ਰਹੇ ਹਨ, ਪਰ ਇਸ 'ਤੇ ਅਜੇ ਤੱਕ ਕੋਈ ਸਫਲਤਾ ਹੱਥ ਨਹੀਂ ਲੱਗ ਸਕੀ ਹੈ। ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨੂੰ ਕਿਹਾ, 'ਅਸੀਂ ਖਰਬਾਂ ਡਾਲਰ ਕਮਾਏ ਹਨ ਅਤੇ ਚੀਨ ਨੂੰ ਖਰਬਾਂ ਡਾਲਰ ਦਾ ਨੁਕਸਾਨ ਹੋਇਆ ਹੈ। ਇਸਦੇ ਨਾਲ ਹੀ ਚੀਨ ਨੇ 30 ਲੱਖ ਨੌਕਰੀਆਂ ਵੀ ਗੁਆ ਲਈਆਂ ਹਨ, ਇਸ 'ਚ ਅਜਿਹੀਆਂ ਕੰਪਨੀਆਂ ਦਾ ਯੋਗਦਾਨ ਵੀ ਹੈ ਜਿਹੜੀਆਂ ਚੀਨ ਛੱਡ ਗਈਆਂ ਹਨ ਅਤੇ ਆਪਣਾ ਨਿਵੇਸ਼ ਦੂਜੀ ਥਾਂ ਲੈ ਗਈਆਂ ਹਨ। ਉਨ੍ਹਾਂ ਨੇ ਕਿਹਾ, ' ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਤਕਨਾਲੋਜੀ ਦੀ ਚੋਰੀ ਨੂੰ ਰੋਕਣਾ ਹੋਵੇਗਾ। ਜ਼ੋਰ-ਜ਼ਬਰਦਸਤੀ ਕਰਕੇ ਤਕਨਾਲੋਜੀ ਨੂੰ ਹਾਸਲ ਕਰਨ ਨੂੰ ਸਾਨੂੰ ਰੋਕਣਾ ਹੋਵੇਗਾ। ਜੇਕਰ ਤੁਸੀਂ ਚੀਨ 'ਚ ਤਕਨਾਲੋਜੀ ਚੋਰੀ ਦੇ ਮਾਮਲਿਆਂ ਨੂੰ ਦੇਖੋਗੇ..... ਤਾਂ ਸਾਡਾ ਦੇਸ਼ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਰਾਸ਼ਟਰਪਤੀ ਨੇ ਮੰਦੀ ਦੀਆਂ ਖਬਰਾਂ ਨੂੰ ਲੈ ਕੇ ਆ ਰਹੀਆਂ ਰਿਪੋਰਟਾਂ ਨੂੰ 'ਫਰਜ਼ੀ ਖਬਰ' ਦੱਸਦੇ ਹੋਏ ਭਰੋਸਾ ਦਿੱਤਾ ਕਿ ਸ਼ੇਅਰ ਬਜ਼ਾਰ ਨਵੀਆਂ ਉਚਾਈਆਂ ਹਾਸਲ ਕਰੇਗਾ। ਟਰੰਪ ਨੇ ਕਿਹਾ, 'ਤੁਸੀਂ ਜਾਣਦੇ ਹੋ ਕਿ ਇਕ ਮੌਕਾ ਆਉਣ ਵਾਲਾ ਹੈ। ਮੈਂ ਇਸ ਬਾਰੇ 'ਚ ਗੱਲ ਨਹੀਂ ਕਰਨਾ ਚਾਹੁੰਦਾ, ਪਰ ਬਹੁਤ ਘੱਟ ਸਮੇਂ 'ਚ ਅਸੀਂ ਨਵੇਂ ਰਿਕਾਰਡ 'ਤੇ ਪਹੁੰਚਾਗੇ।'