ਅਗਲੇ ਹਫਤੇ ਚੀਨ-ਜਾਪਾਨ ਵਿਚਕਾਰ ਹੋਵੇਗੀ ਉਚ ਪੱਧਰੀ ਆਰਥਿਕ ਗੱਲਬਾਤ

04/10/2018 10:03:43 AM

ਟੋਕੀਓ(ਬਿਊਰੋ)— ਅਮਰੀਕਾ-ਚੀਨ ਵਿਚਕਾਰ ਵਧ ਰਹੇ ਕਾਰੋਬਾਰੀ ਖਿੱਚੋਤਾਨ ਦੌਰਾਨ ਅਗਲੇ ਹਫਤੇ ਚੀਨ-ਜਾਪਾਨ ਵਿਚਕਾਰ 8 ਸਾਲ ਬਾਅਦ ਉਚ ਪੱਧਰੀ ਆਰਥਿਕ ਗੱਲਬਾਤ ਹੋਵੇਗੀ। ਜਾਪਾਨ ਦੇ ਇਕ ਸਮਾਚਾਰ ਪੱਤਰ ਮੁਤਾਬਕ ਜਾਪਾਨ ਦੇ ਵਿੱਤ ਮੰਤਰੀ ਤਾਰੋ ਅਸੋ ਨੇ ਇਸ ਪ੍ਰਸਤਾਵਿਤ ਆਰਥਿਕ ਗੱਲਬਾਤ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਚੀਨ ਨੇ ਅਚਾਨਕ ਹੀ ਗੱਲਬਾਤ ਪ੍ਰਸਤਾਵਿਤ ਕੀਤੀ ਹੈ ਪਰ ਇਸ ਦੇ ਬਾਰੇ ਵਿਚ ਉਨ੍ਹਾਂ ਨੂੰ ਅਜੇ ਤੱਕ ਹੋਰ ਕੋਈ ਜਾਣਕਾਰੀ ਨਹੀਂ ਹੈ।
ਅਮਰੀਕਾ ਅਤੇ ਚੀਨ ਦੋਵੇਂ ਹੀ ਇਕ-ਦੁੱਜੇ ਨੂੰ ਟੈਰਿਫ ਦਰਾਂ ਨੂੰ ਵਧਾਉਣ ਦੀ ਧਮਕੀ ਦੇ ਰਹੇ ਹਨ। ਅਮਰੀਕੀ ਸਰਕਾਰ ਚੀਨ ਦੀ ਵਪਾਰ ਨੀਤੀਆਂ ਤੋਂ ਨਾਰਾਜ਼ ਹੈ। ਅਮਰੀਕਾ ਅਤੇ ਚੀਨ ਦੇ ਕਾਰੋਬਾਰੀ ਤਣਾਅ ਦਾ ਸਿੱਧਾ ਅਸਰ ਪਿਛਲੇ ਹਫਤੇ ਵੀ ਬਜ਼ਾਰਾਂ 'ਤੇ ਦੇਖਿਆ ਗਿਆ। ਇਸ ਨਾਲ ਵਿਸ਼ਵ ਵਪਾਰ ਅਤੇ ਆਰਥਿਕ ਵਿਕਾਸ 'ਤੇ ਨਕਾਰਾਤਮਕ ਪ੍ਰਭਾਵ ਪੈਣ ਦਾ ਸ਼ੱਕ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਪਾਨ ਤੋਂ ਹੋ ਰਹੇ ਵਪਾਰ ਘਾਟੇ ਅਤੇ ਆਪਣੇ ਵਾਹਨ ਆਯਾਤ ਨੂੰ ਘੱਟ ਕਰਨ ਨੂੰ ਲੈ ਕੇ ਟਿੱਪਣੀ ਕੀਤੀ ਹੈ। ਟਰੰਪ ਨੇ ਹਾਲਾਂਕਿ ਅਜੇ ਤੱਕ ਜਾਪਾਨ 'ਤੇ ਟੈਰਿਫ ਦਰਾਂ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਹੈ ਪਰ ਜਾਪਾਨ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦੀ ਕਾਰੋਬਾਰੀ ਖਿੱਚੋਤਾਨ ਨਹੀਂ ਚਾਹੁੰਦਾ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਇਸ ਮਹੀਨੇ ਟਰੰਪ ਨਾਲ ਮੁਲਾਕਾਤ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਹੈ। ਜਾਪਾਨ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਟਰੰਪ ਉਸ ਦੀ ਕਮਜ਼ੋਰ ਨੀਤੀਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ, ਜਿਸ ਨਾਲ ਜਾਪਾਨ ਦੇ ਨਿਰਯਾਤ ਨੂੰ ਨੁਕਸਾਨ ਹੋਣ ਦਾ ਸ਼ੱਕ ਹੈ।