ਚੀਨ ਨੇ ਅਮਰੀਕਾ ਦੇ ਰਸਾਇਣਿਕ ਸਮਾਨਾਂ ਤੋਂ ਡਿਊਟੀ ਹਟਾਈ

12/19/2019 5:12:15 PM

ਬੀਜਿੰਗ — ਚੀਨ ਨੇ ਵੀਰਵਾਰ ਯਾਨੀ ਕਿ ਅੱਜ ਅਮਰੀਕਾ ਦੇ ਉਨ੍ਹਾਂ ਰਸਾਇਣਾਂ ਦੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ 'ਤੇ ਆਯਾਤ ਡਿਊਟੀ 'ਚ ਛੋਟ ਹੋਵੇਗੀ। ਦੋਵਾਂ ਦੇਸ਼ਾਂ ਵਿਚ ਕਰੀਬ ਇਕ ਹਫਤਾ ਪਹਿਲਾਂ ਵਪਾਰ ਕਰਾਰ 'ਤੇ ਸਹਿਮਤੀ ਬਣੀ ਸੀ। ਜਿਸ ਦੇ ਨਤੀਜੇ ਵਜੋਂ ਪਿਛਲੇ ਕਈ ਮਹੀਨਿਆਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਪੈਦਾ ਹੋਇਆ ਵਿਵਾਦ ਨਰਮ ਪੈਂਦਾ ਦਿਖਾਈ ਦੇ ਰਿਹਾ ਹੈ। ਦੁਨੀਆ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਨੇ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਪਹਿਲੇ ਪੜਾਅ ਦੇ ਕਰਾਰ ਦਾ ਐਲਾਨ ਕੀਤਾ, ਜਿਸ ਦੇ ਤਹਿਤ ਕੁਝ ਵਸਤੂਆਂ ਦੀ ਡਿਊਟੀ 'ਚ ਕਟੌਤੀ ਕੀਤੀ ਜਾਵੇਗੀ। ਚੀਨ ਨੇ ਅਜਿਹੇ ਉਤਪਾਦਾਂ ਦੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ 'ਤੇ ਹੁਣ ਡਿਊਟੀ ਨਹੀਂ ਲੱਗੇਗੀ। ਇਨ੍ਹਾਂ 'ਚ ਕੁਝ ਪ੍ਰਕਾਰ ਦੇ ਉਦਯੋਗ ਗਲੂ, ਉਦਯੋਗਿਕ ਪਾਲੀਮਰਸ ਅਤੇ ਵੱਖ-ਵੱਖ ਤਰ੍ਹਾਂ ਦੇ ਪੈਰਾਫਿਨ ਸ਼ਾਮਲ ਹਨ। ਚੀਨ ਦੇ ਕਸਟਮ ਕਮਿਸ਼ਨ ਨੇ ਬਿਆਨ ਵਿਚ ਕਿਹਾ ਕਿ ਇਹ ਛੋਟ 26 ਦਸੰਬਰ ਤੋਂ ਅਗਲੇ ਸਾਲ 25 ਦਸੰਬਰ ਤੱਕ ਜਾਰੀ ਰਹੇਗੀ।