ਸੀ.ਪੀ.ਈ.ਸੀ : ਚੀਨ ਨੇ ਦਿੱਤਾ ਪਾਕਿ ਨੂੰ ਕਰਾਰਾ ਝਟਕਾ, ਕਿਹਾ-ਭਾਰਤ ਨਹੀਂ ਫੈਲਾ ਰਿਹੈ ਅਰਾਜਕਤਾ

11/20/2017 9:17:38 PM

ਬੀਜਿੰਗ— ਚੀਨ ਨੇ ਸੋਮਵਾਰ ਨੂੰ ਪਾਕਿਸਤਾਨ ਨੂੰ ਜ਼ਬਰਦਸਤ ਝਟਕਾ ਦਿੰਦੇ ਹੋਏ ਪਾਕਿਸਤਾਨ ਦੇ ਸੀਨੀਅਰ ਜਨਰਲ ਦੇ ਉਨ੍ਹਾਂ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ, ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਭਾਰਤ ਨੇ 50 ਕਰੋੜ ਡਾਲਰ ਦੀ ਲਾਗਤ ਨਾਲ ਇਕ ਵਿਸ਼ੇਸ਼ ਖੂਫੀਆ ਸੈਲ ਬਣਾਇਆ ਹੈ। ਅਜਿਹੀ ਇਸ ਲਈ ਕਿਉਂਕਿ ਪਾਕਿ-ਚੀਨ ਦੀ ਆਰਥਿਕ ਗਲਿਆਰੇ 'ਚ ਅੜਿਕਾ ਪਾਇਆ ਜਾ ਸਕੇ। ਚੀਨ ਨੇ ਕਿਹਾ ਹੈ ਕਿ ਉਸ ਦੇ ਕੋਲ ਇਸ ਤਰ੍ਹਾਂ ਦੀ ਕੋਈ ਰਿਪੋਰਟ ਨਹੀਂ ਹੈ।
ਦੱਸਣਯੋਗ ਹੈ ਕਿ ਪਾਕਿਸਤਾਨ ਦੇ 'ਜੁਆਇੰਟ ਚੀਫ ਸਟਾਫ ਕਮੇਟੀ' ਦੇ ਜਨਰਲ ਜੂਬੈਰ ਮਹਿਮੂਦ ਹਯਾਤ ਨੇ 14 ਨਵੰਬਰ ਨੂੰ ਇਹ ਦੋਸ਼ ਲਗਾਇਆ ਸੀ ਕਿ ਭਾਰਤ ਸਬੰਧਿਤ ਇਲਾਕੇ 'ਚ ਅਰਾਜਕਤਾ ਫੈਲਾ ਰਿਹਾ ਹੈ। ਉਨ੍ਹਾਂ ਨੇ ਭਾਰਤ 'ਤੇ ਅਸ਼ਾਂਤ ਬਲੋਚਿਸਤਾਨ ਇਲਾਕੇ 'ਚ ਅੱਤਵਾਦ ਨੂੰ ਹਵਾ ਦੇਣ ਦਾ ਵੀ ਦੋਸ਼ ਲਗਾਇਆ ਸੀ। ਇਨ੍ਹਾਂ ਦੋਸ਼ਾਂ ਬਾਰੇ ਪੁੱਛੇ ਜਾਣ 'ਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ-ਕਾਂਗ ਨੇ ਕਿਹਾ ਕਿ ਸਾਡੇ ਕੋਲ ਅਜਿਹੀ ਕੋਈ ਰਿਪੋਰਟ ਨਹੀਂ ਹੈ। ਭਾਰਤ ਖਿਲਾਫ ਦੋਸ਼ਾਂ ਤੋਂ ਚੀਨ ਦਾ ਇਨਕਾਰ ਕਰਨਾ ਮਾਇਨੇ ਰੱਖਦਾ ਹੈ ਕਿਉਂਕਿ ਮੌਜੂਦਾ ਸਮੇਂ 'ਚ ਚੀਨ ਤੇ ਪਾਕਿਸਤਾਨ ਦੇ ਰਿਸ਼ਤੇ ਬਹੁਤ ਮਜ਼ਬੂਤ ਮੰਨੇ ਜਾਂਦੇ ਹਨ।