ਚੀਨ ਨੇ ਹਾਂਗਕਾਂਗ 'ਚ ਹਿੰਸਕ ਪ੍ਰਦਰਸ਼ਨਕਾਰੀਆਂ ਦੀ ਕੀਤੀ ਨਿੰਦਾ

08/12/2019 3:45:06 PM

ਬੀਜਿੰਗ— ਚੀਨ ਨੇ ਹਾਂਗਕਾਂਗ 'ਚ ਪੁਲਸ ਅਧਿਕਾਰੀਆਂ 'ਤੇ ਪੈਟਰੋਲ ਬੰਬ ਸੁੱਟਣ ਵਾਲੇ ਹਿੰਸਕ ਪ੍ਰਦਰਸ਼ਨਕਾਰੀਆਂ ਦੀ ਸੋਮਵਾਰ ਨੂੰ ਨਿੰਦਾ ਕੀਤੀ ਅਤੇ ਇਸ ਹਿੰਸਾ ਨੂੰ ਅੱਤਵਾਦ ਨਾਲ ਜੋੜਿਆ। ਸਟੇਟ ਕੌਂਸਲ ਦੇ ਹਾਂਗਕਾਂਗ ਅਤੇ ਮਕਾਊ ਮਾਮਲਿਆਂ ਦੇ ਦਫਤਰ ਦੇ ਬੁਲਾਰੇ ਯਾਂਗ ਗੁਆਂਗ ਨੇ ਕਿਹਾ,''ਹਾਂਗਕਾਂਗ ਦੇ ਕੱਟੜਪੰਥੀ ਪ੍ਰਦਰਸ਼ਨਕਾਰੀਆਂ ਨੇ ਪੁਲਸ ਅਧਿਕਾਰੀਆਂ 'ਤੇ ਹਮਲਾ ਕਰਨ ਲਈ ਲਗਾਤਾਰ ਬੇਹੱਦ ਖਤਰਨਾਕ ਯੰਤਰਾਂ ਦੀ ਵਰਤੋਂ ਕੀਤੀ ਹੈ, ਜੋ ਪਹਿਲਾਂ ਤੋਂ ਹੀ ਇਕ ਗੰਭੀਰ ਹਿੰਸਕ ਅਪਰਾਧ ਹੈ ਅਤੇ ਅੱਤਵਾਦ ਪੈਦਾ ਹੋਣ ਦਾ ਪਹਿਲਾ ਲੱਛਣ ਹੈ।''

ਉਨ੍ਹਾਂ ਨੇ ਬੀਜਿੰਗ 'ਚ ਕਿਹਾ ਕਿ ਇਹ ਹਾਂਗਕਾਂਗ ਕਾਨੂੰਨ ਦੇ ਨਿਯਮਾਂ ਅਤੇ ਸਮਾਜਿਕ ਪ੍ਰਬੰਧ ਨੂੰ ਨਸ਼ਟ ਕਰਦਾ ਹੈ। ਲੋਕਤੰਤਰ ਸਮਰਥਕ ਹਜ਼ਾਰਾਂ ਪ੍ਰਦਰਸ਼ਨਕਰੀਆਂ ਨੇ ਅਧਿਕਾਰੀਆਂ ਦੀਆਂ ਚਿਤਾਵਨੀ ਨੂੰ ਨਜ਼ਰ ਅੰਦਾਜ਼ ਕਰਕੇ ਐਤਵਾਰ ਨੂੰ ਲਗਾਤਾਰ 10ਵੇਂ ਹਫਤੇ ਸੜਕਾਂ 'ਤੇ ਉੱਤਰ ਕੇ ਪ੍ਰਦਰਸ਼ਨ ਕੀਤਾ ਸੀ। ਹਾਂਗਕਾਂਗ ਪੁਲਸ ਨੇ ਪ੍ਰਦਰਸ਼ਕਾਰੀਆਂ ਨੂੰ ਕਾਬੂ ਕਰਨ ਲਈ ਹੰਝੂ ਗੈਸ ਦੇ ਗੋਲੇ ਵੀ ਛੱਡੇ ਸਨ। ਕਈ ਵਾਰ ਪੁਲਸ ਤੇ ਪ੍ਰਦਰਸ਼ਨਕਾਰੀਆਂ 'ਚ ਹਿੰਸਕ ਝੜਪ ਹੋ ਚੁੱਕੀ ਹੈ ਤੇ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਟਰੈਵਲ ਐਡਵਾਇਜ਼ਰੀ ਵੀ ਜਾਰੀ ਕਰ ਦਿੱਤੀ ਹੈ ਤਾਂ ਕਿ ਉਨ੍ਹਾਂ ਨੂੰ ਇਸ ਹਿੰਸਾ ਕਾਰਨ ਪ੍ਰੇਸ਼ਾਨੀ ਨਾ ਸਹਿਣੀ ਪਵੇ। ਜ਼ਿਕਰਯੋਗ ਹੈ ਕਿ ਚੀਨ ਦੇ ਹਵਾਲਗੀ ਬਿੱਲ ਦੇ ਵਿਰੋਧ 'ਚ ਹਾਂਗਕਾਂਗ 'ਚ ਪ੍ਰਦਰਸ਼ਨ ਸ਼ੁਰੂ ਹੋਏ, ਜੋ ਅਜੇ ਵੀ ਜਾਰੀ ਹਨ।