ਔਰਤ ਨੇ ਖੁਦ ਨੂੰ ਲਗਾਇਆ ਫਰੂਟ ਜੂਸ ਦਾ ਟੀਕਾ, ਪੁੱਜੀ ਹਸਪਤਾਲ

03/20/2019 4:20:31 PM

ਬੀਜਿੰਗ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ 'ਨੀਮ ਹਕੀਮ ਖਤਰਾ ਏ ਜਾਨ' ਮਤਲਬ ਘੱਟ ਜਾਣਕਾਰੀ ਜਾਨਲੇਵਾ ਸਾਬਤ ਹੁੰਦੀ ਹੈ। ਸਿਹਤ ਨੂੰ ਲੈ ਕੇ ਅਜਿਹਾ ਹੀ ਅਜੀਬ ਮਾਮਲਾ ਚੀਨ ਦਾ ਸਾਹਮਣੇ ਆਇਆ ਹੈ। ਅਸਲ ਵਿਚ ਇੱਥੇ ਇਕ ਮਹਿਲਾ ਖੁਦ ਨੂੰ ਸਿਹਤਮੰਦ ਬਣਾਉਣ ਦੇ ਚੱਕਰ ਵਿਚ ਹਸਪਤਾਲ ਪਹੁੰਚ ਗਈ। ਇਸ ਮਹਿਲਾ ਨੇ ਖੁਦ ਨੂੰ 29 ਫਲਾਂ ਦੇ ਰਸ ਵਾਲਾ ਟੀਕਾ ਲਗਾ ਲਿਆ। ਜਾਣਕਾਰੀ ਮੁਤਾਬਕ ਜ਼ੇਂਗ (51) ਨਾਮ ਦੀ ਇਸ ਮਹਿਲਾ ਨੂੰ ਘਰੇਲੂ ਇਲਾਜ ਕਰਨਾ ਕਾਫੀ ਚੰਗਾ ਲੱਗਦਾ ਹੈ। ਇਸੇ ਕਾਰਨ ਉਸ ਦੇ ਦਿਮਾਗ ਵਿਚ ਫਲਾਂ ਦੇ ਜੂਸ ਦਾ ਟੀਕਾ ਲਗਉਣ ਦਾ ਖਿਆਲ ਆਇਆ। 

ਜ਼ੇਂਗ ਨੇ ਕਿਹਾ ਕਿ ਮੈਨੂੰ ਲੱਗਾ ਕਿ ਤਾਜ਼ਾ ਫਲ ਸਰੀਰ ਲਈ ਫਾਇਦੇਮੰਦ ਹੋਣਗੇ। ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਫਲਾਂ ਦੀ ਇੰਝ ਵਰਤੋਂ ਕਰਨੀ ਮੇਰੇ ਲਈ ਜਾਨਲੇਵਾ ਸਾਬਤ ਹੋਵੇਗੀ। ਅਸਲ ਵਿਚ ਜ਼ੇਂਗ ਨੇ 20 ਫਲਾਂ ਦਾ ਜੂਸ ਕੱਢ ਕੇ ਟੀਕੇ ਜ਼ਰੀਏ ਖੁਦ ਨੂੰ ਲਗਾ ਲਿਆ। ਮਹਿਲਾ ਨੇ ਇਸ ਘਟਨਾਕ੍ਰਮ ਦੇ ਬਾਰੇ ਵਿਚ ਕਿਸੇ ਨੂੰ ਨਹੀਂ ਦੱਸਿਆ ਸੀ। ਥੋੜ੍ਹੀ ਦੇਰ ਬਾਅਦ ਮਹਿਲਾ ਦੇ ਪਤੀ ਨੇ ਧਿਆਨ ਦਿੱਤਾ ਅਤੇ ਉਸ ਨੂੰ ਹਸਪਤਾਲ ਲੈ ਕੇ ਗਿਆ। ਇਸ ਦੌਰਾਨ ਜ਼ੇਂਗ 5 ਦਿਨ ਤੱਕ ਹਸਪਤਾਲ ਦੇ ਆਈ.ਸੀ.ਯੂ. ਵਿਚ ਰਹੀ। ਇਸ ਦੌਰਾਨ ਉਸ ਦੇ ਕਿਡਨੀ, ਲੀਵਰ, ਦਿਲ ਅਤੇ ਫੇਫੜਿਆਂ ਦਾ ਇਲਾਜ ਕੀਤਾ ਗਿਆ।

ਜਾਣਕਾਰੀ ਮੁਤਾਬਕ ਜੇਕਰ ਜ਼ੇਂਗ ਨੂੰ ਸਮੇਂ 'ਤੇ ਇਲਾਜ ਨਾ ਮਿਲਦਾ ਤਾਂ ਉਸ ਦੇ ਉਕਤ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਅਤੇ ਉਹ ਮਰ ਚੁੱਕੀ ਹੁੰਦੀ। ਚਾਈਨੀਜ਼ ਸੋਸ਼ਲ ਮੀਡੀਆ 'ਤੇ ਇਹ ਖਬਰ ਕਾਫੀ ਧਿਆਨ ਆਕਰਿਸ਼ਤ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਦਰਸਾਉਂਦਾ ਹੈ ਕਿ ਕਿਵੇਂ ਸਿਹਤ ਸਬੰਧੀ ਘੱਟ ਜਾਣਕਾਰੀ ਜਾਨਲੇਵਾ ਸਾਬਤ ਹੋ ਸਕਦੀ ਹੈ।

Vandana

This news is Content Editor Vandana