ਫਲਾਈਟ ''ਚ ਬੈਠੀ ਮਹਿਲਾ ਨੇ ਖੋਲ੍ਹਿਆ ਐਮਰਜੈਂਸੀ ਗੇਟ, ਵੀਡੀਓ ਵਾਇਰਲ

09/27/2019 11:45:18 AM

ਬੀਜਿੰਗ (ਬਿਊਰੋ)— ਚੀਨ ਦੇ ਵੁਹਾਨ ਸ਼ਹਿਰ ਦੇ ਤਿਆਨਹੇ ਹਵਾਈ ਅੱਡੇ ਦੇ ਰਨਵੇਅ 'ਤੇ ਖੜ੍ਹੇ ਇਕ ਜਹਾਜ਼ ਵਿਚ ਸੋਮਵਾਰ ਨੂੰ ਅਚਾਨਕ ਹਫੜਾ-ਦਫੜਾ ਮਚ ਗਈ। ਅਸਲ ਵਿਚ ਜਹਾਜ਼ ਵਿਚ ਬੈਠੀ 50 ਸਾਲਾ ਮਹਿਲਾ ਨੇ ਅਚਾਨਕ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹ ਦਿੱਤਾ ਸੀ। ਮਹਿਲਾ ਦਾ ਕਹਿਣਾ ਸੀ ਕਿ ਉਸ ਦਾ ਸਾਹ ਘੁੱਟ ਰਿਹਾ ਸੀ ਅਤੇ ਤਾਜ਼ੀ ਹਵਾ ਲੈਣ ਲਈ ਉਸ ਨੇ ਅਜਿਹਾ ਕੀਤਾ। ਚੰਗੀ ਗੱਲ ਇਹ ਸੀ ਕਿ ਉਸ ਸਮੇਂ ਜਹਾਜ਼ ਨੇ ਉਡਾਣ ਨਹੀਂ ਭਰੀ ਸੀ। ਇਸ ਲਈ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਨੇ ਉਸ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ। 

ਜੀਆਮੇਨ ਏਅਰਲਾਈਨਜ਼ ਦੀ ਫਲਾਈਟ ਨੰਬਰ ਐੱਮ.ਐੱਫ. 8215 ਵੁਹਾਨ ਸ਼ਹਿਰ ਤੋਂ ਲੇਨਝਾਊ ਸ਼ਹਿਰ ਲਈ ਉਡਾਣ ਭਰਨ ਲਈ ਤਿਆਰ ਖੜ੍ਹੀ ਸੀ। ਘਟਨਾ ਸਮੇਂ ਬੋਰਡਿੰਗ ਪ੍ਰਕਿਰਿਆ ਚੱਲ ਰਹੀ ਸੀ। ਇਸ ਘਟਨਾ ਦਾ ਵੀਡੀਓ ਮਹਿਲਾ ਕੋਲ ਬੈਠੇ ਇਕ ਯਾਤਰੀ ਨੇ ਆਪਣੇ ਮੋਬਾਈਲ ਵਿਚ ਰਿਕਾਰਡ ਕਰ ਲਿਆ। ਚਾਲਕ ਦਲ ਦੇ ਮੈਂਬਰ ਨੇ ਦੱਸਿਆ ਕਿ ਘਟਨਾ ਜਹਾਜ਼ ਦੇ ਆਖਰੀ ਸਿਰੇ ਵੱਲ ਵਾਪਰੀ, ਜਿੱਥੇ ਮਹਿਲਾ ਨੇ ਤਾਜ਼ੀ ਹਵਾ ਲੈਣ ਲਈ ਐਮਰਜੈਂਸੀ ਐਗਜ਼ਿਟ ਗੇਟ ਨੂੰ ਖੋਲ੍ਹ ਦਿੱਤਾ ਸੀ। ਇਸ ਕਾਰਨ ਜਹਾਜ਼ ਨੂੰ ਉਡਾਣ ਭਰਨ ਵਿਚ ਕਰੀਬ ਇਕ ਘੰਟੇ ਦੀ ਦੇਰੀ ਹੋ ਗਈ।

 

ਘਟਨਾ ਦੇ ਬਾਅਦ ਸਟਾਫ ਨੇ ਹਵਾਈ ਅੱਡਾ ਪੁਲਸ ਅਤੇ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ। ਉਸ ਵਿਚ ਦਰਵਾਜਾ ਖੁੱਲ੍ਹਣ ਦੇ ਬਾਅਦ ਸਟਾਫ ਮੈਂਬਰ ਅਤੇ ਕਈ ਹੋਰ ਯਾਤਰੀ ਜਹਾਜ਼ ਵਿਚ ਖੜ੍ਹੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ 1.8 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਵੀਡੀਓ 'ਤੇ ਲੋਕਾਂ ਨੇ ਪ੍ਰਤੀਕਿਰਿਆ ਕਰਦਿਆਂ ਕਈ ਕੁਮੈਂਟ ਕੀਤੇ ਹਨ। ਇਕ ਟਵਿੱਟਰ ਯੂਜ਼ਰ ਨੇ ਲਿਖਿਆ,''ਸਾਫ ਹੈ ਕਿ ਜਹਾਜ਼ ਦਾ ਏ.ਸੀ. ਕੰਮ ਨਹੀਂ ਕਰ ਰਿਹਾ ਹੋਵੇਗਾ, ਜਿਵੇਂ ਕਿ ਉਹ ਮਹਿਲਾ ਚਾਹੁੰਦੀ ਹੋਵੇਗੀ। ਉਸ ਕੋਲ ਦੂਜਾ ਕੋਈ ਹੋਰ ਵਿਕਲਪ ਨਹੀਂ ਸੀ। ਮੈਨੂੰ ਇਸ ਵਿਚ ਹੈਰਾਨ ਕਰ ਦੇਣ ਵਾਲੀ ਕੋਈ ਗੱਲ ਨਹੀਂ ਲੱਗੀ।''

Vandana

This news is Content Editor Vandana