ਚੀਨ ''ਚ ਵਿਗਿਆਨਕਾਂ ਨੇ ਤਿਆਰ ਕੀਤੇ ਛੋਟੇ ਰੋਬੋਟਸ, ਇਲਾਜ ''ਚ ਹੋਣਗੇ ਮਦਦਗਾਰ

03/31/2018 4:46:55 PM

ਬੀਜਿੰਗ(ਬਿਊਰੋ)— ਚੀਨ ਵਿਚ ਵਿਗਿਆਨਕਾਂ ਨੇ ਛੋਟੇ ਰੋਬੋਟਸ ਨੂੰ ਡਾਕਟਰ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਜੋ ਕਿ ਇਲਾਜ ਵਿਚ ਮਦਦ ਕਰ ਸਕਣਗੇ। ਮਨੁੱਖੀ ਸਰੀਰ ਦੇ ਅਜਿਹੇ ਕਈ ਹਿੱਸੇ ਹਨ, ਜਿੱਥੇ ਪੁੱਜਣਾ ਬਹੁਤ ਔਖਾ ਹੈ। ਅਜਿਹੇ ਵਿਚ ਉਨ੍ਹਾਂ ਹਿੱਸਿਆਂ ਵਿਚ ਪੈਦਾ ਹੋਈ ਕਿਸੇ ਵੀ ਬੀਮਾਰੀ ਦਾ ਇਲਾਜ ਮੁਸ਼ਕਲ ਹੋ ਜਾਂਦਾ ਹੈ ਪਰ ਹੁਣ ਇਹ ਰੋਬੋਟ ਨਾ ਸਿਰਫ ਸਰੀਰ ਦੇ ਸੌੜੇ ਸਥਾਨਾਂ 'ਤੇ ਪਹੁੰਚ ਕੇ ਬੀਮਾਰੀ ਦਾ ਪਤਾ ਲਗਾਉਣਗੇ, ਸਗੋਂ ਜ਼ਰੂਰੀ ਇਲਾਜ ਵਿਚ ਮਦਦ ਵੀ ਕਰਨਗੇ। ਇਨ੍ਹਾਂ ਛੋਟੇ ਰੋਬੋਟਸ ਨੂੰ ਰਿਮੋਟ ਜ਼ਰੀਏ ਸੰਚਾਲਿਤ ਕੀਤਾ ਜਾ ਸਕਦਾ ਹੈ।
ਹਾਂਗਕਾਂਗ ਦੀ ਚੀਨੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਅਜਿਹੇ ਬਹੁਤ ਛੋਟੇ ਰੋਬੋਟਸ ਦਾ ਝੁੰਡ ਤਿਆਰ ਕੀਤਾ ਹੈ, ਜੋ ਚੁੰਬਕੀ ਕਣਾਂ ਦੀ ਮਦਦ ਨਾਲ ਸਰੀਰ ਅੰਦਰ ਦਾਖਲ ਹੋ ਕੇ ਬੀਮਾਰੀਆਂ ਨੂੰ ਪਛਾਣਨ ਵਿਚ ਮਦਦਗਾਰ ਹੋਣਗੇ। ਇਹ ਕਿਸੇ ਖਾਸ ਕੋਸ਼ਿਕਾ ਵਿਚ ਦਵਾਈ ਪਹੁੰਚਾਉਣ ਦਾ ਕੰਮ ਵੀ ਕਰਨਗੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਰੋਬੋਟ ਆਕਾਰ ਵਿਚ ਖੂਨ ਕੋਸ਼ਿਕਾਵਾਂ ਜਿੰਨੇ ਛੋਟੇ ਹਨ।
ਇੰਝ ਤਿਆਰ ਹੋਏ ਰੋਬੋਟ—
ਖੋਜਕਰਤਾਵਾਂ ਨੇ ਇਨ੍ਹਾਂ ਰੋਬੋਟਸ ਨੂੰ ਪਾਣੀ ਵਿਚ ਪਾਈ ਜਾਣ ਵਾਲੀ ਕਾਈ ਦੇ ਜੀਵਾਂ ਤੋਂ ਬਣਾਇਆ ਹੈ। ਵਿਗਿਆਨਕਾਂ ਨੇ ਇਨ੍ਹਾਂ ਛੋਟੇ ਰੋਬੋਟਸ 'ਤੇ ਕਾਈ ਦੇ ਸੂਖਮ ਜੀਵਾਂ ਦੀ ਪਰਤ ਚੜ੍ਹਾਈ ਹੈ, ਜਿਸ ਵਿਚ ਕੁੱਝ ਚੁੰਬਕੀ ਕਣਾਂ ਨੂੰ ਮਿਲਾਇਆ ਗਿਆ ਹੈ। ਇਹ ਰੋਬੋਟ ਸਰੀਰ ਅੰਦਰ ਮੌਜੂਦ ਢਕੇ ਹੋਏ ਉਤਕਾਂ ਅੰਦਰ ਜਾ ਕੇ ਵੀ ਟਰੈਕ ਕੀਤੇ ਜਾ ਸਕਦੇ ਹਨ। ਕਾਈ ਦੇ ਜੀਵਾਂ ਦੀ ਕੁਦਰਤੀ ਚਮਕ ਇਨ੍ਹਾਂ ਰੋਬੋਟਸ ਨੂੰ ਟਰੈਕ ਕਰਨ ਵਿਚ ਮਦਦ ਕਰਦੀ ਹੈ। ਇਸ ਦੀ ਮਦਦ ਨਾਲ ਸਰੀਰ ਦੇ ਉਨ੍ਹਾਂ ਉਤਕਾਂ ਤੱਕ ਵੀ ਪਹੁੰਚਿਆ ਜਾ ਸਕਦਾ ਹੈ, ਜੋ ਆਮ ਤੌਰ 'ਤੇ ਐਮ.ਆਰ.ਆਈ ਸਕੈਨ ਦੀ ਮਦਦ ਨਾਲ ਵੀ ਪਕੜ ਵਿਚ ਨਹੀਂ ਆਉਂਦੇ ਹਨ।
ਇੰਝ ਫੜਦੇ ਹਨ ਬੀਮਾਰੀ—
ਇਹ ਰੋਬੋਟਸ ਇਸ ਲਈ ਖਾਸ ਹਨ, ਕਿਉਂਕਿ ਇਹ ਬੀਮਾਰੀ ਦੀ ਵਜ੍ਹਾ ਨਾਲ ਸਰੀਰ ਅੰਦਰ ਹੋਣ ਵਾਲੇ ਰਸਾਇਣਿਕ ਬਦਲਾਵਾਂ ਨੂੰ ਪਛਾਣ ਲੈਂਦੇ ਹਨ। ਅਜਿਹੇ ਵਿਚ ਸਮਾਂ ਰਹਿੰਦੇ ਹੀ ਖਤਰਨਾਕ ਰੋਗਾਂ ਦੀ ਪਛਾਣ ਹੋ ਸਕਦੀ ਹੈ।
ਇੰਝ ਇਲਾਜ ਵਿਚ ਕਰਨਗੇ ਮਦਦ—
ਵਿਗਿਆਨਕਾਂ ਦਾ ਮੰਨਣਾ ਹੈ ਕਿ ਇਹ ਛੋਟੇ ਚੁੰਬਕੀ ਰੋਬੋਟ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਜਾ ਕੇ ਦਵਾਈ ਇੰਜੈਕਟ ਕਰਨ ਵਿਚ ਸਮਰਥ ਹਨ। ਇਹ ਕੈਂਸਰ ਵਰਗੀਆਂ ਬੀਮਾਰੀਆਂ ਦੇ ਇਲਾਜ ਵਿਚ ਕਾਫੀ ਮਦਦਗਾਰ ਸਾਬਤ ਹੋ ਸਕਦੇ ਹਨ, ਕਿਉਂਕਿ ਇਹ ਸਿਹਤਮੰਦ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਸਿੱਧੇ ਕੈਂਸਰ ਕੋਸ਼ਿਕਾਵਾਂ 'ਤੇ ਹਮਲਾ ਕਰਦੇ ਹਨ।