ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਮੈਂਬਰਾਂ ਨੂੰ ਦਿੱਤੀ ਚਿਤਾਵਨੀ, ਨਾਸਤਿਕ ਬਣੋ ਨਹੀਂ ਤਾਂ ਮਿਲੇਗੀ ਸਜ਼ਾ

07/20/2017 3:51:30 AM

ਬੀਜਿੰਗ— ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਨੂੰ ਹੁਣ ਨਾਸਤਿਕ ਬਣਨਾ ਹੋਵੇਗਾ, ਜੇ ਉਹ ਇੰਝ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਧਾਰਮਿਕ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੇ ਵਿਭਾਗ ਨੇ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪਾਰਟੀ ਦੀ ਵਿਚਾਰਧਾਰਾ ਨੂੰ ਮੰਨਦੇ ਹੋਏ ਸੱਚੇ ਮਾਰਕਸਵਾਦੀ ਬਣਨ ਲਈ ਉਨ੍ਹਾਂ ਨੂੰ ਨਾਸਤਿਕ ਬਣਨਾ ਹੋਵੇਗਾ।
ਸਰਕਾਰੀ ਅਖਬਾਰ 'ਗਲੋਬਲ ਟਾਈਮਜ਼' ਮੁਤਾਬਕ ਜੇ ਕੋਈ ਮੈਂਬਰ ਧਾਰਮਿਕ ਤੌਰ-ਤਰੀਕਿਆਂ ਨੂੰ ਮੰਨਣਾ ਜਾਰੀ ਰੱਖਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਖੱਬੇਪੱਖੀ ਵਿਚਾਰਧਾਰਾ ਵਾਲੀ ਚੀਨ ਦੀ ਕਮਿਊਨਿਸਟ ਪਾਰਟੀ ਅਧਿਕਾਰਤ ਤੌਰ 'ਤੇ ਕਿਸੇ ਵੀ ਧਰਮ ਨੂੰ ਨਹੀਂ ਮੰਨਦੀ, ਮਾਰਕਸਵਾਦੀ ਸਿਧਾਂਤਾਂ ਮੁਤਾਬਕ ਪਾਰਟੀ ਆਪਣੇ ਆਪ ਨੂੰ ਨਾਸਤਿਕ ਮੰਨਦੀ ਹੈ।
ਪਾਰਟੀ ਦੀ ਵਿਚਾਰਧਾਰਾ ਤੋਂ ਇਲਾਵਾ ਜੇ ਚੀਨ ਦੇ ਸੰਵਿਧਾਨ ਦੀ ਗੱਲ ਕਰੀਏ ਤਾਂ ਉਥੇ ਲੋਕਾਂ ਨੂੰ ਧਾਰਮਿਕ ਆਜ਼ਾਦੀ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਸੰਵਿਧਾਨਕ ਅਧਿਕਾਰ ਦੇ ਬਾਵਜੂਦ ਜੇ ਚੀਨ ਦੀ ਸੱਤਾਧਾਰੀ ਪਾਰਟੀ ਆਪਣੇ ਮੈਂਬਰਾਂ ਨੂੰ ਜਬਰੀ ਨਾਸਤਿਕਤਾ ਅਪਣਾਉਣ ਲਈ ਦਬਾਅ ਪਾ ਰਹੀ ਹੈ ਤਾਂ ਇਹ ਸਪੱਸ਼ਟ ਰੂਪ 'ਚ ਸੰਵਿਧਾਨ ਦੇ ਵਿਰੁੱਧ ਹੈ।