ਚੀਨ ''ਚ ਕੋਰੋਨਾ ਦੀ ਦੂਜੀ ਲਹਿਰ, ਬੀਜਿੰਗ ਨੇ ਰੱਦ ਕੀਤੀਆਂ 1255 ਫਲਾਈਟਾਂ

06/17/2020 6:12:20 PM

ਬੀਜਿੰਗ (ਬਿਊਰੋ): ਚੀਨ ਵਿਚ ਕੋਰੋਨਾਵਾਇਰਸ ਕਾਰਨ ਇਕ ਵਾਰ ਫਿਰ ਹਾਲਾਤ ਬੇਕਾਬੂ ਹੁੰਦੇ ਨਜ਼ਰ ਆ ਰਹੇ ਹਨ।ਪਿਛਲੇ 10 ਦਿਨਾਂ ਵਿਚ ਬੀਜਿੰਗ ਵਿਚ ਕੋਰੋਨਾਵਾਇਰਸ ਦੇ ਕਈ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਹੁਣ ਚੀਨ ਨੇ ਕਈ ਜਹਾਜ਼ਾਂ ਦੀਆਂ ਉਡਾਣਾਂ ਰੱਦ ਕਰਨ ਦਾ ਫੈਸਲਾ ਲਿਆ ਹੈ। ਸਮਾਚਾਰ ਏਜੰਸੀ ਏ.ਐੱਫ.ਪੀ. ਦੇ ਮੁਤਾਬਕ ਬੀਜਿੰਗ ਹਵਾਈ ਅੱਡੇ ਤੋਂ ਕਰੀਬ 1255 ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇੱਥੇ ਦੱਸ ਦਈਏ ਕਿ ਇਸ ਹਫਤੇ ਬੀਜਿੰਗ ਵਿਚ ਕੋਰੋਨਾਵਾਇਰਸ ਦੇ 150 ਦੇ ਕਰੀਬ ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਾਮਲਿਆਂ ਦੀ ਸ਼ੁਰੂਆਤ ਇਕ ਬਾਜ਼ਾਰ ਤੋਂ ਹੋਈ ਸੀ ਇਸ ਦੇ ਬਾਅਦ ਤੋਂ ਹੀ ਚੀਨ ਐਲਰਟ 'ਤੇ ਹੈ ਅਤੇ ਇਸ ਨੂੰ ਕੋਰੋਨਾਵਾਇਰਸ ਦੀ ਦੂਜੀ ਲਹਿਰ ਮੰਨਿਆ ਜਾ ਰਿਹਾ ਹੈ।

 

ਜ਼ਿਕਰਯੋਗ ਹੈ ਕਿ ਦਸੰਬਰ ਮਹੀਨੇ ਵਿਚ ਹੀ ਕੋਰੋਨਾਵਾਇਰਸ ਦੀ ਸ਼ੁਰੂਆਤ ਚੀਨ ਤੋਂ ਹੋਈ ਸੀ। ਉਦੋਂ ਵੁਹਾਨ ਵਿਚ ਸ਼ੁਰੂਆਤੀ ਮਾਮਲੇ ਸਾਹਮਣੇ ਆਏ ਸਨ। ਫਰਵਰੀ ਤੱਕ ਚੀਨ ਵਿਚ ਲਗਾਤਾਰ ਕੋਰੋਨਾਵਾਇਰਸ ਦੇ ਮਾਮਲੇ ਆਏ ਪਰ ਉਸ ਦੇ ਬਾਅਦ ਲਗਾਤਾਰ ਗਤੀ ਘੱਟਦੀ ਗਈ। ਮਾਰਚ ਵਿਚ ਕਰੀਬ 84 ਹਜ਼ਾਰ ਮਾਮਲਿਆਂ ਦੇ ਨਾਲ ਚੀਨ ਵਿਚ ਨਵੇਂ ਮਾਮਲੇ ਆਉਣੇ ਘੱਟ ਹੋ ਗਏ ਸਨ।

ਇਸ ਦੇ ਬਾਅਦ ਚੀਨ ਨੇ ਹੌਲੀ-ਹੌਲੀ ਦੇਸ਼ ਨੂੰ ਮੁੜ ਖੋਲ੍ਹਣਾ ਸ਼ੁਰੂ ਕੀਤਾ ਸੀ। ਪਹਿਲਾਂ ਵੁਹਾਨ ਖੋਲ੍ਹਿਆ ਗਿਆ ਅਤੇ ਫਿਰ ਬਾਕੀ ਇਲਾਕੇ ਖੋਲ੍ਹੇ ਗਏ ਪਰ ਹੁਣ ਇਸ ਹਫਤੇ ਦੀ ਸ਼ੁਰੂਆਤ ਵਿਚ ਪਹਿਲਾਂ ਬੀਜਿੰਗ ਦੇ ਇਕ ਬਾਜ਼ਾਰ ਵਿਚ 36 ਨਵੇਂ ਮਾਮਲੇ ਸਾਹਮਣੇ ਆਏ, ਜਿਸ ਦੇ ਬਾਅਦ ਮਾਰਕੀਟ ਬੰਦ ਹੋ ਗਈ ਅਤੇ ਟੈਸਟਾਂ ਦੀ ਗਤੀ ਵਧਾਈ ਗਈ। ਹੁਣ ਤੱਕ ਕਰੀਬ 150 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ।ਬੀਜਿੰਗ ਦੇ ਪ੍ਰਸ਼ਾਸਨ ਨੇ ਹੁਣ ਕੋਰੋਨਾ ਦੇ ਐਲਰਟ ਨੂੰ 2 ਲੈਵਲ ਤੱਕ ਵਧਾ ਦਿੱਤਾ ਹੈ।ਨਾਲ ਹੀ ਬੀਜਿੰਗ ਨਾਲ ਲੱਗਦੇ ਕਈ ਇਲਾਕਿਆਂ ਵਿਚ ਐਲਰਟ ਜਾਰੀ ਕੀਤਾ ਹੈ। ਇਸ ਦੇ ਬਾਅਦ ਭੀੜ ਵਾਲੇ ਬਾਜ਼ਾਰ ਬੰਦ ਕੀਤੇ ਗਏ ਹਨ। ਵੱਡੇ ਪੱਧਰ 'ਤੇ ਜਾਂਚ ਜਾਰੀ ਹੈ। ਸਕੂਲ, ਹਾਈਸਕੂਲ ਨੂੰ ਮੁੜ ਬੰਦ ਕਰ ਦਿੱਤੇ ਗਏ ਹਨ।

Vandana

This news is Content Editor Vandana