ਚੀਨ ''ਚ ਮਾਸਕ ਦੀ ਕਮੀ, ਲੋਕਾਂ ਨੇ ਵਰਤੇ ਅਜੀਬੋ-ਗਰੀਬ ਤਰੀਕੇ (ਤਸਵੀਰਾਂ)

01/31/2020 5:14:41 PM

ਬੀਜਿੰਗ (ਬਿਊਰੋ): ਕੋਰੋਨਾਵਾਇਰਸ ਨਾਲ ਪੂਰੀ ਦੁਨੀਆ ਵਿਚ ਹੁਣ ਤੱਕ 9816 ਲੋਕ ਇਨਫੈਕਟਿਡ ਹੋ ਚੁੱਕੇ ਹਨ। ਇਹਨਾਂ ਵਿਚੋਂ 9692 ਪੀੜਤ ਸਿਰਫ ਚੀਨ ਤੋਂ ਹਨ। ਹੁਣ ਤੱਕ ਇਸ ਵਾਇਰਸ ਨਾਲ 213 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਨੇ ਵੀ ਕੋਰੋਨਾਵਾਇਰਸ ਨੂੰ 'ਅੰਤਰਰਾਸ਼ਟਰੀ ਸਿਹਤ ਐਮਰਜੈਂਸੀ' ਐਲਾਨਿਆ ਹੈ। ਇਹ ਵਾਇਰਸ ਹੁਣ ਤੱਕ ਦੁਨੀਆ ਦੇ 18 ਦੇਸ਼ਾਂ ਵਿਚ ਫੈਲ ਚੁੱਕਾ ਹੈ।

ਚੀਨ ਵਿਚ ਮਾਸਕ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਹੈ। ਜਿਹੜੇ ਲੋਕਾਂ ਨੂੰ ਮਾਸਕ ਨਹੀਂ ਮਿਲ ਰਹੇ ਉਹ ਅਜੀਬੋ-ਗਰੀਬ ਮਾਸਕ ਪਹਿਨ ਰਹੇ ਹਨ। ਕੋਈ ਬ੍ਰਾ ਦਾ ਮਾਸਕ ਲਗਾ ਰਿਹਾ ਹੈ ਤੇ ਕੋਈ ਸੈਨੀਟਿਰੀ ਪੈਡ ਦਾ। ਚੀਨ ਵਿਚ ਕੁਝ ਲੋਕ ਚਿਹਰੇ ਨੂੰ ਢੱਕਣ ਲਈ ਫਲਾਂ ਦੀ ਵਰਤੋਂ ਕਰ ਰਹੇ ਹਨ ਤਾਂ ਕੁਝ ਲੋਕ ਪਲਾਸਟਿਕ ਦੀਆਂ ਵੱਡੀਆਂ ਬੋਤਲਾਂ। ਕੁਝ ਲੋਕਾਂ ਨੇ ਖੁਦ ਹੀ ਵਿਗਿਆਨਕਾਂ ਜਿਹੇ ਮਾਸਕ ਤਿਆਰ ਕਰ ਲਏ ਹਨ। 

ਅਸਲ ਵਿਚ ਚੀਨ ਵਿਚ ਇਸ ਸਮੇਂ ਕੋਰੋਨਾਵਾਇਰਸ ਤੋਂ ਬਚਣ ਲਈ ਸਰਜੀਕਲ ਮਾਸਕ ਦੀ ਕਮੀ ਹੋ ਗਈ ਹੈ। ਬਾਜ਼ਾਰ ਵਿਚ ਜਿਹੜੇ ਮਾਸਕ ਹਨ ਉਹ ਬਹੁਤ ਮਹਿੰਗੇ ਹਨ। ਅਜਿਹੇ ਵਿਚ ਲੋਕਾਂ ਨੇ ਆਪਣੀ-ਆਪਣੀ ਸਹੂਲਤ ਦੇ ਮੁਤਾਬਕ ਮਾਸਕ ਬਣਾ ਲਏ ਹਨ।

ਸੋਸ਼ਲ ਮੀਡੀਆ 'ਤੇ ਇਹਨਾਂ ਮਾਸਕ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਕੁਝ ਲੋਕ ਬ੍ਰਾ ਨੂੰ ਮਾਸਕ ਦੇ ਤੌਰ 'ਤੇ ਪਹਿਨ ਰਹੇ ਹਨ ਤਾਂ ਕੁਝ ਲੋਕ ਸੈਨੀਟਿਰੀ ਪੈਡਸ ਨੂੰ। ਇਕ ਦਾਦਾ ਜੀ ਨੇ ਤਾਂ ਸੰਤਰੇ ਦੇ ਛਿਲੜ ਨੂੰ ਹੀ ਮਾਸਕ ਬਣਾ ਲਿਆ।

ਖਬਰ ਇਹ ਵੀ ਆ ਰਹੀ ਹੈ ਕਿ ਚੀਨ ਵਿਚ ਲੋਕ ਸੈਕੰਡ ਹੈਂਡ ਮਾਸਕ ਦੀ ਵੀ ਖਰੀਦਦਾਰੀ ਕਰ ਰਹੇ ਹਨ। ਕਿਉਂਕਿ ਉਹਨਾਂ ਨੂੰ ਬਾਜ਼ਾਰ ਵਿਚ ਮਾਸਕ ਨਹੀਂ ਮਿਲ ਰਿਹਾ। ਭਾਵੇਂਕਿ ਚੀਨ ਦੇ ਸਿਹਤ ਸੇਵਾ ਵਿਭਾਗ ਨੇ ਸੈਕੰਡ ਹੈਂਡ ਮਾਸਕ ਦੀ ਵਰਤੋਂ ਕਰਨ ਤੋਂ ਰੋਕਿਆ ਹੈ।

ਚੀਨ ਦੇ ਹਵਾਈ ਅੱਡੇ 'ਤੇ ਇਕ ਜੋੜਾ ਖਰਬੂਜੇ ਦਾ ਮਾਸਕ ਪਹਿਨੇ ਦੇਖਿਆ ਗਿਆ। ਉੱਥੇ ਕਿਸੇ ਨੇ ਪਾਣੀ ਦੀ ਵੱਡੀ ਬੋਤਲ ਨਾਲ ਚਿਹਰਾ ਹੀ ਨਹੀਂ ਸਗੋਂ ਪੂਰਾ ਸਿਰ ਢੱਕ ਲਿਆ। ਵਾਇਰਸ ਤੋਂ ਬਚਣ ਲਈ ਲੋਕ ਹਰ ਸੰਭਵ ਕਦਮ ਚੁੱਕ ਰਹੇ ਹਨ।

ਕਈ ਦੇਸ਼ਾਂ ਨੇ ਚੀਨ ਨੂੰ ਮਾਸਕ ਸਪਲਾਈ ਕਰਨ ਦੀ ਜ਼ਿੰਮੇਵਾਰੀ ਲਈ ਹੈ। ਅਮਰੀਕਾ,ਯੂਕੇ, ਕੋਰੀਆ ਸਮੇਤ ਕਈ ਦੇਸ਼ਾਂ ਤੋਂ ਸਰਜੀਕਲ ਮਾਸਕ ਚੀਨ ਨੂੰ ਪਹੁੰਚਾਏ ਜਾ ਰਹੇ ਹਨ।

ਚੀਨ ਦੇ ਖੇਤੀਬਾੜੀ ਮੰਤਰਾਲੇ ਨੇ ਆਦੇਸ਼ ਜਾਰੀ ਕਰ ਕੇ ਕਿਹਾ ਹੈ ਕਿ ਦੇਸ਼ ਦੀਆਂ ਸਾਰੀਆਂ ਏਜੰਸੀਆਂ ਖਾਧ ਉਤਪਾਦਾਂ ਵਿਚ ਲੱਗਣ ਤਾਂ ਜੋ ਦੇਸ਼ ਵਿਚ ਭੋਜਨ ਦੀ ਕਮੀ ਨਾ ਹੋਵੇ। ਗੁਆਂਢੀ ਦੇਸ਼ਾਂ ਤੋਂ ਫਲਾਂ ਅਤੇ ਸਬਜੀਆਂ ਦਾ ਆਯਾਤ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜਿਹਨਾਂ ਨੂੰ ਸਿਰਫ ਮਾਂਸ ਖਾਣ ਦੀ ਆਦਤ ਹੈ ਉਹਨਾਂ ਲਈ ਸਬਜੀਆਂ ਦੀ ਕਮੀ ਨਾ ਹੋਵੇ। ਇੱਧਰ ਵੁਹਾਨ ਵਿਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਲਈ ਹਸਪਤਾਲ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਵਿਚ ਚੀਨੀ ਫੌਜ ਦੀ ਮਦਦ ਲਈ ਜਾ ਰਹੀ ਹੈ।

Vandana

This news is Content Editor Vandana