ਚੀਨ ਦੇ ਸ਼ਿਚੁਆਨ ਸੂਬੇ ''ਚ ਲੱਗੇ ਭੂਚਾਲ ਦੇ ਝਟਕੇ, ਲੋਕਾਂ ''ਚ ਦਹਿਸ਼ਤ

02/03/2020 12:17:41 PM

ਬੀਜਿੰਗ (ਬਿਊਰੋ): ਕੋਰੋਨਾਵਾਇਰਸ ਦਾ ਮਾਰ ਝੱਲ ਰਹੇ ਚੀਨ ਵਿਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਦੱਖਣ-ਪੱਛਮ ਚੀਨ ਦੇ ਸ਼ਿਚੁਆਨ ਸੂਬੇ ਦੇ ਕਿਯੁਇੰਗਬਾਈਜਿਆਂਗ ਜ਼ਿਲੇ ਵਿਚ 5.1 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਨਾਲ ਨਜਿੱਠਣ ਲਈ ਐਮਰਜੈਂਸੀ ਕਦਮ ਚੁੱਕੇ ਗਏ ਹਨ। ਚੀਨੀ ਭੂਚਾਲ ਨੈੱਟਵਰਕ ਕੇਂਦਰ (ਸੀ.ਈ.ਐੱਨ.ਸੀ.) ਦੇ ਮੁਤਾਬਕ ਭੂਚਾਲ ਦਾ ਕੇਂਦਰ 30.74 ਡਿਗਰੀ ਉੱਤਰੀ ਅਕਸ਼ਾਂਸ ਅਤੇ 104.46 ਡਿਗਰੀ ਪੂਰਬੀ ਦੇਸ਼ਾਂਤਰ  'ਤੇ 21 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। 

ਚੀਨ ਸਰਕਾਰ ਨੇ ਭੂਚਾਲ ਪ੍ਰਭਾਵਿਤ ਖੇਤਰਾਂ ਲਈ ਕੁੱਲ 150 ਰਾਹਤਕਰਮੀ ਅਤੇ 34 ਗੱਡੀਆਂ ਭੇਜੀਆਂ ਹਨ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਜਾਂ ਜਾਇਦਾਦ ਨੂੰ ਨੁਕਸਾਨ ਪਹੁੰਚਣ ਦੀ ਸੂਚਨਾ ਨਹੀਂ ਹੈ। ਜਿਨਤਾਂਗ ਕਾਊਂਟੀ ਦੇ ਵਸਨੀਕ ਜੇਹਾਂਗ ਸ਼ੁਨ ਨੇ ਸ਼ਿਨਹੂਆ ਨੂੰ ਦੱਸਿਆ ਕਿ ਭੂਚਾਲ ਦੇ ਝਟਕੇ 10 ਸੈਕੰਡ ਤੋਂ ਜ਼ਿਆਦਾ ਸਮੇਂ ਲਈ ਮਹਿਸੂਸ ਕੀਤੇ ਗਏ। ਸ਼ਿਚੁਆਨ ਸੂਬੇ ਦੀ ਰਾਜਧਾਨੀ ਦੇ ਚੇਂਗਦੂ ਸ਼ਹਿਰੀ ਇਲਾਕੇ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਹ ਸਥਾਨ ਭੂਚਾਲ ਦੇ ਕੇਂਦਰ ਤੋਂ 38 ਕਿਲੋਮੀਟਰ ਦੂਰੀ 'ਤੇ ਹੈ। ਇਕ ਸਥਾਨਕ ਵਸਨੀਕ ਨੇ ਦੱਸਿਆ ਕਿ ਭੂਚਾਲ ਦੇ ਬਾਅਦ ਬਹੁਤ ਸਾਰੇ ਲੋਕ ਘਰਾਂ ਤੋਂ ਬਾਹਰ ਰਹੇ। ਕੁਝ ਲੋਕਾਂ ਨੇ ਸੜਕ 'ਤੇ ਕਾਰ ਦੇ ਅੰਦਰ ਰਜਾਈ ਲੈ ਕੇ ਰਾਤ ਗੁਜਾਰੀ।

Vandana

This news is Content Editor Vandana