ਚੀਨ ਨੇ ਕੋਵਿਡ-19 ਟੀਕਿਆਂ ਦੀ ਐਮਰਜੈਂਸੀ ਵਰਤੋਂ ਨੂੰ ਦਿੱਤੀ ਮਨਜ਼ੂਰੀ

08/24/2020 6:30:57 PM

ਬੀਜਿੰਗ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਦੁਨੀਆ ਭਰ ਦੇ ਵਿਗਿਆਨੀ ਇਸ ਵਾਇਰਸ ਦੇ ਇਲਾਜ ਲਈ ਅਸਰਦਾਰ ਵੈਕਸੀਨ ਤਿਆਰ ਕਰਨ ਵਿਚ ਜੁਟੇ ਹੋਏ ਹਨ। ਦੁਨੀਆ ਭਰ ਵਿਚ ਫਿਲਹਾਲ 30 ਤੋਂ ਵਧੇਰੇ ਵੈਕਸੀਨ 'ਤੇ ਕੰਮ ਚੱਲ ਰਿਹਾ ਹੈ। ਇਹਨਾਂ ਵੈਕਸੀਨਾਂ ਦਾ ਟ੍ਰਾਇਲ ਵੱਖ-ਵੱਖ ਪੜਾਆਂ ਵਿਚ ਹੈ। ਰੂਸ ਦੇ ਬਾਅਦ ਅਮਰੀਕਾ, ਭਾਰਤ, ਇੰਗਲੈਂਡ ਅਤੇ ਚੀਨ ਅਸਰਦਾਰ ਵੈਕਸੀਨ ਬਣਾਉਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ।

ਇਸ ਵਿਚ ਚੀਨ ਤੋਂ ਇਕ ਵੱਡੀ ਖਬਰ ਆਈ ਹੈ। ਜਾਣਕਾਰੀ ਮੁਤਾਬਕ ਚੀਨ ਨੇ ਦੇਸ਼ ਵਿਚ ਵਿਕਸਿਤ ਕੋਰੋਨਾ ਵੈਕਸੀਨ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਚੀਨ ਦੇ ਇਕ ਸਿਹਤ ਅਧਿਕਾਰੀ ਨੇ ਕਿਹਾ ਹੈ ਕਿ ਚੀਨ ਨੇ ਕੁਝ ਚੋਣਵੀਆਂ ਘਰੇਲੂ ਕੰਪਨੀਆਂ ਵੱਲੋਂ ਵਿਕਸਿਤ ਕੋਰੋਨਾ ਵੈਕਸੀਨ ਦੀ ਵਰਤੋਂ ਨੂੰ ਇਹ ਕਹਿ ਕੇ ਮਨਜ਼ੂਰੀ ਦੇ ਦਿੱਤੀ ਹੈ ਕਿ ਇਸ ਦੀ ਵਰਤੋਂ ਉਹ ਐਮਰਜੈਂਸੀ ਦੇ ਹਾਲਾਤ ਵਿਚ ਕਰ ਸਕਦੇ ਹਨ। ਇੱਥੇ ਦੱਸ ਦਈਏ ਕਿ ਚੀਨ ਵਿਚ ਫਿਲਹਾਲ ਕੋਰੋਨਾ ਵੈਕਸੀਨ ਦਾ ਟ੍ਰਾਇਲ ਵੱਖ-ਵੱਖ ਪੜਾਆਂ ਵਿਚ ਚੱਲ ਰਿਹਾ ਹੈ ਪਰ ਇਸ ਤੋਂ ਪਹਿਲਾਂ ਹੀ ਦੇਸ਼ ਵਿਚ ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਜਾਣਕਾਰੀ ਦੇ ਮੁਤਾਬਕ, ਚੀਨ ਵਿਚ ਵੈਕਸੀਨ ਦੀ ਵਰਤੋਂ ਨੂੰ ਐਮਰਜੈਂਸੀ ਮਨਜ਼ੂਰੀ ਚੀਨੀ ਵੈਕਸੀਨ ਪ੍ਰਬੰਧਨ ਕਾਨੂੰਨ ਦੇ ਤਹਿਤ ਦਿੱਤੀ ਗਈ ਹੈ। ਇਸ ਦੇ ਤਹਿਤ ਵੈਕਸੀਨ ਉਹਨਾਂ ਲੋਕਾਂ ਨੂੰ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਜਿਹਨਾਂ ਨੂੰ ਸੀਮਤ ਮਿਆਦ ਵਿਚ ਸੰਕ੍ਰਮਿਤ ਹੋਣ ਦਾ ਸਭ ਤੋਂ ਵੱਧ ਜੋਖਮ ਹੈ। ਚੀਨ ਦੇ ਕੋਰੋਨਾਵਾਇਰਸ ਵੈਕਸੀਨ ਦੇ ਪ੍ਰਮੁੱਖ ਝੇਂਗ ਝੋਂਗਵੇਈ ਨੇ ਸਥਾਨਕ ਮੀਡੀਆ ਨਾਲ ਗੱਲਬਾਤ ਵਿਚ ਕਿਹਾ ਕਿ ਅਸੀਂ ਇਸ ਨੂੰ ਯਕੀਨੀ ਕਰਨ ਦੇ ਲਈ ਕਈ ਯੋਜਨਾ ਪੈਕੇਜ ਤਿਆਰ ਕੀਤੇ ਹਨ, ਜਿਵੇਂ ਮੈਡੀਕਲ ਸਹਿਮਤੀ ਫਾਰਮ, ਸਾਈਡ ਇਫੈਕਟਸ ਮਾਨੀਟਰਿੰਗ ਪਲਾਨ, ਬਚਾਅ ਯੋਜਨਾ, ਮੁਆਵਜ਼ਾ ਯੋਜਨਾ ਦਾ ਵਿਕਾਸ ਕਾਰਜ ਬਲ। 

ਝੇਂਗ ਨੇ ਕਿਹਾ ਕਿ ਚੀਨ ਨੂੰ ਅਧਿਕਾਰਤ ਤੌਰ 'ਤੇ 22 ਜੁਲਾਈ ਤੋਂ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਿਚ ਵਰਤੋਂ ਨੂੰ ਹੁਣ ਇਕ ਮਹੀਨਾ ਬੀਤ ਚੁੱਕਾ ਹੈ ਜਦਕਿ ਚੀਨ ਵਿਚ ਫਿਲਹਾਲ ਕੋਰੋਨਾ ਵੈਕਸੀਨ ਦਾ ਟ੍ਰਾਇਲ ਚੱਲ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਜਿਹੜੇ ਮਰੀਜ਼ਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ, ਉਹਨਾਂ ਵਿਚੋਂ ਕੁਝ ਵਿਚ ਸਾਈਡ ਇਫੈਕਟ ਦਿਸਿਆ ਪਰ ਕਿਸੇ ਨੂੰ ਬੁਖਾਰ ਨਹੀਂ ਹੋਇਆ। ਚੀਨੀ ਸਿਹਤ ਅਧਿਕਾਰੀ ਨੇ ਦੱਸਿਆ ਕਿ ਵੈਕਸੀਨ ਪ੍ਰਬੰਧਨ 'ਤੇ ਚੀਨ ਦੇ ਕਾਨੂੰਨ ਦੇ ਮੁਤਾਬਕ ਜਦੋਂ ਵਿਸ਼ੇਸ਼ ਰੂਪ ਨਾਲ ਗੰਭੀਰ ਜਨਤਕ ਸਿਹਤ ਐਮਰਜੈਂਸੀ ਹੁੰਦੀ ਹੈ ਤਾਂ ਮੈਡੀਕਲ ਪਰੀਖਣਾਂ ਵਿਚ ਸ਼ਾਮਲ ਟੀਕਿਆਂ ਦੀ ਵਰਤੋਂ ਸੀਮਤ ਦਾਇਰੇ ਵਿਚ ਮੈਡੀਕਲ ਅਤੇ ਮਹਾਮਾਰੀ ਰੋਕਥਾਮ ਵਾਲੇ ਕਰਮੀਆਂ, ਸੀਮਾ ਅਧਿਕਾਰੀਆਂ ਅਤੇ ਸਥਿਰ ਸ਼ਹਿਰ ਸੰਚਾਲਨ ਵਿਚ ਕੰਮ ਕਰਨ ਵਾਲੇ ਹੋਰ ਲੋਕਾਂ ਦੀ ਰੱਖਿਆ ਦੇ ਲਈ ਕੀਤੀ ਜਾ ਸਕਦੀ ਹੈ।

Vandana

This news is Content Editor Vandana