ਰੋਬੋਟ ਦੀ ਮਦਦ ਨਾਲ ਹੋਮਵਰਕ ਕਰ ਰਹੀ ਧੀ ਨੂੰ ਮਾਂ ਨੇ ਦਿੱਤੀ ਇਹ ਸਜ਼ਾ

02/25/2019 4:38:58 PM

ਬੀਜਿੰਗ (ਬਿਊਰੋ)— ਕਈ ਵਾਰ ਬੱਚੇ ਅਜਿਹੀ ਹਰਕਤ ਕਰ ਜਾਂਦੇ ਹਨ ਜੋ ਮਾਪਿਆਂ ਨੂੰ ਹੈਰਾਨ ਕਰ ਦਿੰਦੀ ਹੈ। ਅਜਿਹੀ ਹੀ ਹੈਰਾਨ ਕਰ ਦੇਣ ਵਾਲੀ ਹਰਕਤ ਚੀਨ ਵਿਚ ਰਹਿੰਦੀ ਇਕ ਕੁੜੀ ਨੇ ਕੀਤੀ, ਜੋ 9ਵੀਂ ਜਮਾਤ ਦੀ ਵਿਦਿਆਰਥਣ ਹੈ। ਦੂਜੇ ਬੱਚਿਆਂ ਵਾਂਗ ਇਸ ਕੁੜੀ ਨੂੰ ਵੀ ਹੋਮਵਰਕ ਕਰਨਾ ਬਹੁਤ ਬੋਰਿੰਗ ਕੰਮ ਲੱਗਦਾ ਹੈ। ਇਸ ਵਿਦਿਆਰਥਣ ਨੇ ਆਪਣੀ ਸਮੱਸਿਆ ਦਾ ਅਨੋਖਾ ਹੱਲ ਕੱਢਿਆ। ਉਸ ਨੇ ਇਸ ਕੰਮ ਲਈ ਰੋਬੋਟ ਖਰੀਦ ਲਿਆ। ਰੋਬੋਟ ਉਸ ਦੀ ਲਿਖਾਵਟ ਦੀ ਨਕਲ ਕਰ ਲੈਂਦਾ ਸੀ। ਭਾਵੇਂਕਿ ਇਸ ਬਾਰੇ ਖੁਲਾਸਾ ਹੋਣ 'ਤੇ ਕੁੜੀ ਦੀ ਮਾਂ ਨੇ ਇਸ ਰੋਬੋਟ ਨੂੰ ਤੋੜ ਦਿੱਤਾ ਪਰ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਇਸ ਕੁੜੀ ਦੀ ਸਮਝ ਦੀ ਤਾਰੀਫ ਕੀਤੀ ਹੈ।

8,000 ਰੁਪਏ 'ਚ ਖਰੀਦਿਆ ਸੀ ਰੋਬੋਟ
ਚੀਨ ਦੇ ਕਿਆਨਜਿਆਂਗ ਸੂਬੇ ਦੀ ਰਹਿਣ ਵਾਲੀ ਇਹ ਕੁੜੀ ਚੀਨੀ ਭਾਸ਼ਾ ਦੇ ਵਿਸ਼ੇ ਵਿਚ ਮਿਲੇ ਹੋਮਵਰਕ ਤੋਂ ਤੰਗ ਆ ਗਈ ਸੀ। ਉਹ ਆਪਣਾ ਹੋਮਵਰਕ ਪੂਰਾ ਕਰਨ ਦੀ ਬਜਾਏ ਦਿਨ-ਰਾਤ ਇਸੇ ਖਿਆਲ ਵਿਚ ਡੁੱਬੀ ਰਹਿੰਦੀ ਸੀ ਕਿ ਇਸ ਸਮੱਸਿਆ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ। ਅਚਾਨਕ ਕੁੜੀ ਨੂੰ ਇਕ ਅਜਿਹੇ ਰੋਬੋਟ ਦਾ ਪਤਾ ਚੱਲਿਆ ਜੋ ਕਿਸੇ ਦੀ ਵੀ ਲਿਖਾਵਟ ਕਾਪੀ ਕਰ ਸਕਦਾ ਹੈ। ਕੁੜੀ ਨੇ ਇਹ ਰੋਬੋਟ 120 ਡਾਲਰ ਮਤਲਬ 8 ਹਜ਼ਾਰ ਰੁਪਏ ਵਿਚ ਖਰੀਦ ਲਿਆ। ਇਸ ਵਿਦਿਆਰਥਣ ਦੀ ਉਮਰ 15 ਸਾਲ ਹੈ ਅਤੇ ਉਸ ਨੇ ਇਹ ਰਾਸ਼ੀ ਨਵੇਂ ਸਾਲ ਦੇ ਮੌਕੇ ਮਿਲੇ ਪੈਸਿਆਂ ਤੋਂ ਇਕੱਠੀ ਕੀਤੀ ਸੀ। ਕੁੜੀ ਨੇ ਬੜੀ ਚਲਾਕੀ ਨਾਲ ਰੋਬੋਟ ਦੀ ਖਰੀਦਦਾਰੀ ਆਪਣੇ ਪਰਿਵਾਰ ਤੋਂ ਲੁਕੋ ਕੋ ਕੀਤੀ। ਇਸ ਮਗਰੋਂ ਉਹ ਆਪਣਾ ਹੋਮਵਰਕ ਖੁਦ ਕਰਨ ਦੀ ਬਜਾਏ ਰੋਬੋਟ ਤੋਂ ਕਰਵਾਉਣ ਲੱਗੀ।

ਥੋੜ੍ਹੇ ਦਿਨਾਂ ਬਾਅਦ ਕੁੜੀ ਦੀ ਮਾਂ ਇਹ ਦੇਖ ਹੈਰਾਨ ਰਹਿ ਗਈ ਕਿ ਉਸ ਨੇ ਆਪਣਾ ਹੋਮਵਰਕ ਇੰਨੀ ਜਲਦੀ ਕਿਵੇਂ ਪੂਰਾ ਕਰ ਲਿਆ। ਟੈਕਸਟ ਬੁੱਕ ਤੋਂ ਕੋਈ ਪੈਰਾਗ੍ਰਾਫ ਕਾਪੀ ਕਰਨਾ ਹੋਵੇ ਜਾਂ ਲੇਖ ਲਿਖਣ ਦਾ ਕੰਮ ਕਰਨਾ ਹੁੰਦਾ, ਰੋਬੋਟ ਸਭ ਕੁਝ ਕਰ ਦਿੰਦਾ। ਰੋਬੋਟ ਦੀ ਮਦਦ ਨਾਲ ਹੁਣ ਉਸ ਦਾ ਹੋਮਵਰਕ ਖੇਡ-ਖੇਡ ਵਿਚ ਹੋਣ ਲੱਗਾ ਸੀ।

ਮਾਂ ਨੇ ਇੰਝ ਫੜੀ ਚੋਰੀ
ਕੁੜੀ ਨੇ ਦੋ ਦਿਨ ਵਿਚ ਕਈ ਚੈਪਟਰ ਕਾਪੀ ਕਰ ਲਏ। ਮਾਂ ਨੂੰ ਹੈਰਾਨੀ ਸੀ ਕਿ ਧੀ ਨੇ ਇੰਨੇ ਘੱਟ ਸਮੇਂ ਵਿਚ ਇੰਨਾ ਜ਼ਿਆਦਾ ਹੋਮਵਰਕ ਕਿਵੇਂ ਪੂਰਾ ਕਰ ਲਿਆ। ਬਾਅਦ ਵਿਚ ਜਦੋਂ ਮਾਂ ਨੇ ਕਮਰੇ ਦੀ ਸਫਾਈ ਕੀਤੀ ਤਾਂ ਉਨ੍ਹਾਂ ਨੂੰ ਰੋਬੋਟ ਬਾਰੇ ਪਤਾ ਚੱਲਿਆ। ਫਿਰ ਉਨ੍ਹਾਂ ਨੂੰ ਸਾਰੀ ਗੱਲ ਸਮਝ ਆ ਗਈ। ਮਾਂ ਨੇ ਨਾ ਸਿਰਫ ਧੀ ਨੂੰ ਡਾਂਟਿਆ ਸਗੋਂ ਉਸ ਦਾ ਰੋਬੋਟ ਵੀ ਤੋੜ ਦਿੱਤਾ।

ਚੀਨੀ ਭਾਸ਼ਾ ਸਿੱਖਣਾ ਆਸਾਨ ਨਹੀਂ
ਚੀਨੀ ਭਾਸ਼ਾ ਇਕ ਪਿਕਟੋਰੀਅਲ ਲਿਪੀ ਹੈ। ਇਸ ਵਿਚ 6 ਤੋਂ 7 ਹਜ਼ਾਰ ਅੱਖਰ ਹੁੰਦੇ ਹਨ। ਇਨ੍ਹਾਂ ਵਿਚੋਂ 800 ਅੱਖਰ ਪ੍ਰਚਲਿਤ ਹਨ। ਇੰਨੇ ਜ਼ਿਆਦਾ ਅੱਖਰ ਯਾਦ ਰੱਖਣਾ ਆਸਾਨ ਨਹੀਂ ਹੁੰਦਾ। ਚਿੱਤਰ ਅੱਖਰਾਂ ਨੂੰ ਯਾਦ ਕਰਨ ਦੇ ਬਾਅਦ ਉਸ ਨੂੰ ਲਿਖਣ ਦਾ ਅਭਿਆਸ ਕੀਤਾ ਜਾਂਦਾ ਹੈ। ਚੀਨ ਵਿਚ ਵਿਦਿਆਰਥੀਆਂ ਨੂੰ ਚੀਨੀ ਭਾਸ਼ਾ ਸਿਖਾਉਣ ਲਈ ਹਰ ਚੈਪਟਰ ਦੀ ਪੂਰੀ ਕਾਪੀ ਲਿਖਣ ਦਾ ਅਭਿਆਸ ਕਰਵਾਇਆ ਜਾਂਦਾ ਹੈ।

ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕੀਤੀ ਤਾਰੀਫ
ਚੀਨ ਦੀ ਸੋਸ਼ਲ ਮੀਡੀਆ ਸਾਈਟ ਵੀਬੋ 'ਤੇ ਇਸ ਵਿਦਿਆਰਥਣ ਦੀ ਕਾਫੀ ਤਾਰੀਫ ਹੋ ਰਹੀ ਹੈ। ਇਕ ਯੂਜ਼ਰ ਨੇ ਲਿਖਿਆ,''ਇਨਸਾਨ ਅਤੇ ਹੋਰ ਜਾਨਵਰਾਂ ਵਿਚ ਇਹੀ ਫਰਕ ਹੈ ਕਿ ਇਨਸਾਨ ਨੂੰ ਪਤਾ ਹੈ ਕਿ ਉਹ ਉਪਕਰਨਾਂ ਜ਼ਰੀਏ ਵੀ ਕੰਮ ਪੂਰਾ ਕਰ ਸਕਦਾ ਹੈ। ਇਸ ਕੁੜੀ ਨੂੰ ਪਤਾ ਹੈ ਕਿ ਕੰਮ ਕਿਵੇਂ ਕਰਨਾ ਹੈ।''

Vandana

This news is Content Editor Vandana