ਜੀ. ਕੇ. ਦੇ ਵਿਰੋਧ ਤੋਂ ਬਾਅਦ ਹੁਣ ਸ਼ਿਕਾਗੋ 'ਚ ਮੋਹਨ ਭਾਗਵਤ ਤੇ ਉੱਪ ਰਾਸ਼ਟਰਪਤੀ ਵਿਰੁੱਧ ਪ੍ਰਦਰਸ਼ਨ

09/11/2018 6:23:09 PM

ਸ਼ਿਕਾਗੋ (ਰਾਜ ਗੋਗਨਾ )— ਪਿਛਲੇ ਮਹੀਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦਾ ਖਾਲਿਸਤਾਨੀ ਤਾਕਤਾਂ ਨੇ ਜਮ ਕੇ ਵਿਰੋਧ ਕੀਤਾ ਸੀ, ਜਿਸ ਦਰਮਿਆਨ ਜੀ.ਕੇ 'ਤੇ ਜਾਨਲੇਵਾ ਹਮਲਾ ਵੀ ਹੋ ਗਿਆ ਸੀ। ਇਸ ਘਟਨਾ ਤੋਂ ਬਾਅਦ ਵਿਦੇਸ਼ਾਂ 'ਚ ਰਹਿ ਰਿਹਾ ਸਿੱਖ ਭਾਈਚਾਰਾ ਰੋਹ ਵਿਚ ਸੀ ਅਤੇ ਉਨ੍ਹਾਂ ਨੇ ਅਕਾਲੀ ਦਲ 'ਤੇ ਭਾਰਤ ਸਰਕਾਰ ਨਾਲ ਸਬੰਧ ਰੱਖ ਰਹੇ ਕਿਸੇ ਵੀ ਸ਼ਖਸ ਨੂੰ ਵਿਦੇਸ਼ੀ ਧਰਤੀ 'ਤੇ ਨਾ ਆਉਣ ਦੀ ਸਲਾਹ ਵੀ ਦਿੱਤੀ। 

ਹੁਣ ਅਮਰੀਕਾ ਦੇ ਸ਼ਿਕਾਗੋ ਵਿਚ ਆਰ. ਐੱਸ. ਐੱਸ ਦੇ ਮੁਖੀ ਮੋਹਨ ਭਾਗਵਤ ਅਤੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਇੱਥੇ ਦੱਸ ਦੇਈਏ ਕਿ 7 ਤੋਂ 9 ਸਤੰਬਰ ਤਕ 3 ਦਿਨਾ ਵਿਸ਼ਵ ਹਿੰਦੂ ਕਾਂਗਰਸ ਦਾ ਆਯੋਜਨ ਕੀਤਾ ਗਿਆ, ਜਿਸ 'ਚ ਮੋਹਨ ਭਾਗਵਤ ਅਤੇ ਵੈਂਕਈਆ ਨਾਇਡੂ ਪੁੱਜੇ ਸਨ। ਸ਼ਿਕਾਗੋ ਵਿਖੇ ਦੋਹਾਂ ਦਾ ਸਿੱਖ, ਮੁਸਲਿਮ, ਈਸਾਈ ਅਤੇ ਦਲਿਤ ਭਾਈਚਾਰੇ ਵੱਲੋਂ ਜਮ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੋਹਾਂ ਖਿਲਾਫ ਅਮਰੀਕਾ 'ਚੋਂ  ਚਲੇ ਜਾਣ ਦੀ ਨਾਅਰੇਬਾਜ਼ੀ ਕੀਤੀ ਗਈ ਅਤੇ ਭਾਰਤ 'ਚ ਘੱਟ ਗਿਣਤੀਆਂ ਨੂੰ ਨਾ ਮਾਰਨ ਦੇ ਨਾਅਰੇ ਲਾਏ ਗਏ।

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੀ ਅਗਵਾਈ ਵਿਚ ਅਮਰੀਕਾ ਦੀਆਂ ਤਮਾਮ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਨੇ ਆਰ. ਐੱਸ. ਐੱਸ. ਦੇ ਹਿੰਦੂਤਵੀ ਏਜੰਡੇ ਵਿਰੁੱਧ ਵੈਸਟਿਨ ਹੋਟਲ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ਵਿਚ ਦਲਿਤਾਂ, ਮੁਸਲਮਾਨਾਂ, ਈਸਾਈਆਂ ਅਤੇ ਹੋਰ ਘੱਟ ਗਿਣਤੀਆਂ ਸਮੇਤ ਸਿੱਖਸ ਫਾਰ ਜਸਟਿਸ, ਕੌਂਸਲ ਆਫ ਖਾਲਿਸਤਾਨ, ਖਾਲਿਸਤਾਨ ਅਫੇਅਰ ਸੈਂਟਰ, ਨਿਊਯਾਰਕ, ਸ਼ਿਕਾਗੋ, ਨਿਊਜਰਸੀ, ਓਹਾਇਓੳਅਤੇ ਹੋਰ ਕਈ ਸੂਬਿਆਂ ਤੋਂ ਸਿੱਖ ਜਥੇਬੰਦੀਆਂ ਮੋਹਨ ਭਾਗਵਤ ਅਤੇ ਵੈਂਕਈਆ ਨਾਇਡੂ ਦੇ ਵਿਰੋਧ ਵਿਚ ਪਹੁੰਚੀਆਂ ਹੋਈਆਂ ਸਨ। ਸਿੱਖ ਜੱਥੇਬੰਦੀਆਂ ਇਸ ਗੱਲ 'ਤੇ ਨਾਰਾਜ਼ ਸਨ ਕਿ ਆਰ. ਐੱਸ. ਐੱਸ. ਵਲੋਂ ਘੱਟ ਗਿਣਤੀਆਂ ਨੂੰ ਹਿੰਦੂ ਬਣਾਉਣ ਦੇ ਏਜੰਡੇ 'ਤੇ ਕੰਮ ਕੀਤਾ ਜਾ ਰਿਹਾ ਹੈ। ਸੈਂਕੜਿਆਂ ਦੀ ਤਦਾਦ ਵਿਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਇਕ ਸੁਰ ਵਿਚ ਨਾਅਰੇਬਾਜ਼ੀ ਕੀਤੀ।