ਸ਼ੈਫ ਨੂੰ ਛੁੱਟੀਆਂ ਦੇਣ ਕਾਰਨ ਚਰਚਾ ''ਚ ਆਇਆ ਇਹ ਰੈਸਟੋਰੈਂਟ, ਲੋਕਾਂ ਨੇ ਕੀਤੀ ਸਿਫਤ

09/26/2017 5:27:00 PM

ਕੈਲੀਫੋਰਨੀਆ(ਭਾਸ਼ਾ)— ਸਾਨੂੰ ਸਾਰਿਆਂ ਨੂੰ ਛੁੱਟੀਆਂ ਦੀ ਜ਼ਰੂਰਤ ਪੈਂਦੀ ਹੈ, ਤਾਂ ਕਿ ਅਸੀਂ ਫਰੈਸ਼ ਮਹਿਸੂਸ ਕਰ ਸਕੀਏ। ਇਸ ਵਜ੍ਹਾ ਨਾਲ ਜ਼ਿਆਦਾਤਰ ਲੋਕਾਂ ਨੂੰ ਹਫਤੇ ਵਿਚ 1 ਤੋਂ 2 ਦਿਨ ਦੀ ਛੁੱਟੀ ਮਿਲਦੀ ਹੈ ਪਰ ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਬਹੁਤ ਘੱਟ ਛੁੱਟੀਆਂ ਮਿਲਦੀਆਂ ਹਨ। ਉਨ੍ਹਾਂ ਨੂੰ ਕਈ ਵਾਰ ਬਿਨਾਂ ਛੁੱਟੀ ਦੇ ਕੰਮ ਕਰਨਾ ਪੈਂਦਾ ਹੈ ਪਰ ਇਸ ਦੁਨੀਆ ਵਿਚ ਇਕ ਅਜਿਹਾ ਰੈਸਟੋਰੈਂਟ ਵੀ ਹੈ, ਜੋ ਆਪਣੇ ਕਰਮਚਾਰੀ ਨੂੰ ਛੁੱਟੀ ਦੇਣ ਲਈ ਖੁਦ 2 ਹਫਤੇ ਲਈ ਬੰਦ ਹੋ ਜਾਂਦਾ ਹੈ । 
ਇੰਝ ਆਇਆ ਚਰਚਾ ਵਿਚ
ਜ਼ਿਕਰਯੋਗ ਹੈ ਕਿ ਇਕ ਸ਼ਖਸ ਜਦੋਂ ਕੈਲੀਫੋਰਨੀਆ ਦੇ ਸ਼ਹਿਰ ਬੇਕਰਸਫੀਲਡ ਸਥਿਤ ਰੈਸਟੋਰੈਂਟ 'ਸ਼ੈਫ ਚੌਈਸ ਨੂਡਲ ਬਾਰ' ਵਿਚ ਖਾਨਾ ਖਾਣ ਗਿਆ ਤਾਂ ਉਸ ਨੇ ਦੇਖਿਆ ਕਿ ਉਹ ਰੈਸਟੋਰੈਂਟ ਬੰਦ ਸੀ ਅਤੇ ਦਰਵਾਜ਼ੇ ਉੱਤੇ ਇਕ ਲੈਟਰ ਲੱਗਾ ਹੋਇਆ ਸੀ। ਰੈਸਟੋਰੈਂਟ ਮੈਨੇਜਮੈਂਟ ਵੱਲੋਂ ਲਗਾਏ ਗਏ ਉਸ ਲੈਟਰ ਵਿਚ ਲਿਖਿਆ ਹੋਇਆ ਸੀ ਕਿ ਉਹ ਰੈਸਟੋਰੈਂਟ ਅਗਲੇ 2 ਹਫਤਿਆਂ ਲਈ ਬੰਦ ਰਹੇਗਾ, ਕਿਉਂਕਿ ਉਨ੍ਹਾਂ ਦਾ ਚੀਫ ਸ਼ੈਫ ਆਪਣੇ ਪਰਿਵਾਰ ਨੂੰ ਮਿਲਣ ਲਈ ਆਪਣੇ ਘਰ ਜਾ ਰਿਹਾ ਹੈ । ਜਿਵੇਂ ਹੀ ਉਸ ਸ਼ਖਸ ਨੇ ਇਹ ਲੈਟਰ ਪੜ੍ਹਿਆ, ਉਸ ਨੇ ਉਸ ਦੀ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ ਉੱਤੇ ਅਪਲੋਡ ਕਰ ਦਿੱਤੀ ਜਲਦੀ ਹੀ ਉਸ ਦੀ ਪੋਸਟ ਵਾਇਰਲ ਹੋ ਗਈ। ਲੋਕਾਂ ਨੇ ਆਪਣੇ ਕੁਮੈਂਟਸ ਵਿਚ ਉਸ ਰੈਸਟੋਰੈਂਟ ਦੇ ਮਾਲਕ ਦੀ ਬਹੁਤ ਤਾਰੀਫ ਲਿਖੀ। ਉਨ੍ਹਾਂ ਦਾ ਕਹਿਣਾ ਸੀ ਕਿ ਜਿੱਥੇ ਲੋਕ ਆਪਣੇ ਕਰਮਚਾਰੀਆਂ ਦਾ ਸ਼ੋਸ਼ਣ ਕਰਦੇ ਹਨ, ਉਥੇ ਹੀ ਇਹ ਇਨਸਾਨ ਆਪਣੇ ਕਰਮਚਾਰੀਆਂ ਦਾ ਕਿੰਨਾ ਧਿਆਨ ਰੱਖ ਰਿਹਾ ਹੈ। ਇਨ੍ਹਾਂ 2 ਹਫਤਿਆਂ ਤੱਕ ਰੈਸਟੋਰੈਂਟ ਬੰਦ ਹੋਣ ਨਾਲ ਉਸ ਨੂੰ ਨੁਕਸਾਨ ਵੀ ਹੋਵੇਗਾ ਪਰ ਇਸ ਦੇ ਬਾਵਜੂਦ ਮਾਲਕ ਨੇ ਆਪਣੇ ਕਰਮਚਾਰੀ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ।
ਲੈਟਰ ਵਿਚ ਕੀ-ਕੀ ਲਿਖਿਆ ਸੀ?
ਲੈਟਰ ਵਿਚ ਲਿਖਿਆ ਸੀ ਕਿ ਹਰ ਸਾਲ ਅਸੀਂ ਆਪਣਾ ਰੈਸਟੋਰੈਂਟ 2 ਹਫਤਿਆਂ ਲਈ ਬੰਦ ਕਰਦੇ ਹਾਂ, ਕਿਉਂਕਿ ਅਸੀਂ ਆਪਣੇ ਮੁੱਖ ਸ਼ੈਫ ਪ੍ਰੀਡਾ ਪਿੰਫਾ ਨੂੰ ਉਸ ਦੇ ਘਰ ਥਾਈਲੈਂਡ ਭੇਜਦੇ ਹਾਂ ਤਾਂ ਕਿ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਮਿਲ ਸਕੇ। ਸਾਡੇ ਨਾਲ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਆਪਣੇ ਪਰਿਵਾਰ ਨੂੰ 15 ਸਾਲਾਂ ਤੱਕ ਨਹੀਂ ਮਿਲਿਆ ਸੀ ਪਰ ਇੱਥੇ ਆਉਣ ਤੋਂ ਬਾਅਦ ਅਸੀਂ ਉਸ ਨੂੰ ਹਰ ਸਾਲ ਆਪਣੇ ਪਰਿਵਾਰ ਨਾਲ ਮਿਲਣ ਦਾ ਮੌਕਾ  ਦਿੰਦੇ ਹਾਂ, ਤਾਂ ਕਿ ਉਹ ਚੰਗਾ ਮਹਿਸੂਸ ਕਰੇ ਅਤੇ ਵਾਪਸ ਆ ਕੇ ਹੋਰ ਚੰਗਾ ਖਾਣਾ ਬਣਾ ਸਕੇ।