ਕੈਨੇਡਾ 'ਚ ਪੰਜਾਬੀ ਪਰਿਵਾਰ ਦੇ ਘਰ ਅਚਾਨਕ ਆਈ ਮੁਸੀਬਤ, ਘਬਰਾਏ ਲੋਕ

02/08/2018 10:45:55 AM

ਵੈਨਕੁਵਰ— ਕੈਨੇਡਾ ਦੇ ਉੱਤਰੀ ਵੈਨਕੂਵਰ ਸ਼ਹਿਰ 'ਚ ਰਹਿ ਰਹੇ ਇਕ ਪੰਜਾਬੀ ਪਰਿਵਾਰ ਨੇ ਦੱਸਿਆ ਕਿ ਐਤਵਾਰ ਸਵੇਰ ਨੂੰ ਉਨ੍ਹਾਂ ਦਾ ਪਰਿਵਾਰ ਸੌਂ ਰਿਹਾ ਸੀ ਅਤੇ ਅਚਾਨਕ ਇਕ ਤੇਜ਼ ਰਫਤਾਰ 'ਚ ਗੱਡੀ ਆਈ ਅਤੇ ਉਨ੍ਹਾਂ ਦੇ ਘਰ 'ਚ ਦਾਖਲ ਹੋ ਗਈ। ਪ੍ਰਿੰਸ ਐਡਵਰਡ ਅਤੇ 63ਵੇਂ ਅਵੈਨਿਊ 'ਚ ਰਹਿਣ ਵਾਲੇ ਨਵਪ੍ਰੀਤ ਲੋਚਾਮ ਨੇ ਦੱਸਿਆ ਕਿ ਸਵੇਰੇ 9 ਵਜੇ ਉਨ੍ਹਾਂ ਦੇ ਘਰ ਜਦ ਇਹ ਕਾਰ ਤੇਜ਼ ਰਫਤਾਰ 'ਚ ਦਾਖਲ ਹੋਈ ਤਾਂ ਉਸ ਦਾ ਭਰਾ ਸਮਝਿਆ ਕਿ ਕਿਤੇ ਗੋਲੀਬਾਰੀ ਹੋਈ ਹੈ। ਉਸ ਨੇ ਹੇਠਾਂ ਆ ਕੇ ਜਦ ਮਾਤਾ ਜੀ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਕ ਕਾਰ ਉਨ੍ਹਾਂ ਦੇ ਕਮਰੇ 'ਚ ਹੀ ਦਾਖਲ ਹੋ ਗਈ ਹੈ। ਉਨ੍ਹਾਂ ਪ੍ਰਮਾਤਮਾ ਦਾ ਸ਼ੁਕਰ ਕੀਤਾ ਕਿ ਉਸ ਸਮੇਂ ਪਰਿਵਾਰ ਦਾ ਕੋਈ ਵੀ ਮੈਂਬਰ ਉੱਥੇ ਨਹੀਂ ਸੀ ਅਤੇ ਉਨ੍ਹਾਂ ਦਾ ਬਚਾਅ ਹੋ ਗਿਆ।

ਉਸ ਸਮੇਂ ਨਵਪ੍ਰੀਤ ਘਰ 'ਚ ਨਹੀਂ ਸੀ ਪਰ ਉਸ ਦੇ ਮਾਂ-ਬਾਪ, ਭਰਾ-ਭਰਜਾਈ ਅਤੇ ਛੋਟਾ ਬੱਚਾ ਉੱਥੇ ਹੀ ਸਨ, ਜੋ ਸੁਰੱਖਿਅਤ ਹਨ। ਇਸ ਇਲਾਕੇ 'ਚ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਇਸ ਘਟਨਾ ਮਗਰੋਂ ਉਹ ਬੁਰੀ ਤਰ੍ਹਾਂ ਨਾਲ ਘਬਰਾ ਗਏ ਹਨ, ਜੇਕਰ ਉਸ ਸਮੇਂ ਉਸ ਕਮਰੇ 'ਚ ਕੋਈ ਹੁੰਦਾ ਤਾਂ ਉਸ ਦਾ ਬਚਣਾ ਮੁਸ਼ਕਲ ਸੀ। ਲੋਕਾਂ ਨੇ ਦੱਸਿਆ ਕਿ ਇਸ ਇਲਾਕੇ 'ਚ ਤੇਜ਼ ਰਫਤਾਰ 'ਚ ਗੱਡੀਆਂ ਆਉਣ ਕਾਰਨ ਉਹ ਬਹੁਤ ਪਰੇਸ਼ਾਨ ਹਨ, ਜਿਸ 'ਤੇ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ।


ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੀ ਸਿੰਮੀ ਗਰੇਵਾਲ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਦੀ ਖਿੜਕੀ 'ਚੋਂ ਦੇਖਿਆ ਕਿ ਦੋ ਕਾਰਾਂ ਬਹੁਤ ਤੇਜ਼ੀ ਨਾਲ ਆ ਰਹੀਆਂ ਸਨ ਅਤੇ ਉਨ੍ਹਾਂ ਦੀ ਟੱਕਰ ਹੁੰਦਿਆਂ-ਹੁੰਦਿਆਂ ਬਚੀ। ਇਸ ਮਗਰੋਂ ਇਕ ਕਾਰ ਨਵਪ੍ਰੀਤ ਹੋਰਾਂ ਦੇ ਘਰ ਦੇ ਬਗੀਚੇ 'ਚ ਦਾਖਲ ਹੋ ਗਈ ਅਤੇ ਉਨ੍ਹਾਂ ਦੇ ਕਮਰੇ 'ਚ ਦਾਖਲ ਹੋ ਗਈ। ਉਨ੍ਹਾਂ ਦੇ ਘਰ 'ਚ ਲੱਗੇ ਕੈਮਰੇ 'ਚ ਇਸ ਘਟਨਾ ਦੀ ਵੀਡੀਓ ਰਿਕਾਰਡ ਹੈ। 
ਪਰਿਵਾਰ ਨੇ ਦੱਸਿਆ ਕਿ ਕਾਰ ਦੇ ਦਾਖਲ ਹੋਣ ਕਾਰਨ ਉਨ੍ਹਾਂ ਦੇ ਸੋਫੇ ਅਤੇ ਡਾਇਨਿੰਗ ਏਰੀਆ ਖਰਾਬ ਹੋ ਗਏ ਅਤੇ ਇੱਥੇ ਅਜੀਬ ਬਦਬੂ ਆ ਰਹੀ ਹੈ, ਜੋ ਸ਼ਾਇਦ ਕਾਰ ਦੀ ਬੈਟਰੀ ਦੀ ਹੋਵੇਗੀ। ਘਟਨਾ ਸਥਾਨ 'ਤੇ ਪੁੱਜੇ ਕਾਂਸਟੇਬਲ ਜੈਸਨ ਡੋਊਕੇਟ ਨੇ ਦੱਸਿਆ ਕਿ ਦੋਹਾਂ ਕਾਰਾਂ ਦੇ ਡਰਾਈਵਰਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਮਗਰੋਂ ਸਥਾਨਕ ਇੰਸਪੈਕਟਰ ਨੇ ਐਤਵਾਰ ਦੁਪਹਿਰ ਸਮੇਂ ਉਨ੍ਹਾਂ ਦੇ ਘਰ ਜਾ ਕੇ ਸਾਰਾ ਹਾਲ ਦੇਖਿਆ।