99 ਫੀਸਦੀ ਬਰੇਨ ਡੈੱਡ ਕੁੜੀ ਨੂੰ ਮਾਂ ਦੀਆਂ ਦੁਆਵਾਂ ਨੇ ਬਚਾਇਆ, ਡਾਕਟਰਾਂ ਨੇ ਮੰਨ ਲਈ ਸੀ ਹਾਰ

05/16/2018 3:41:08 PM

ਗੋਲਡ ਕੋਸਟ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਪੋਰਟ ਮੈਕਵੇਰੀ 'ਚ 26 ਸਤੰਬਰ 2017 ਨੂੰ ਇਕ ਕਾਰ ਅਤੇ ਬੀ-ਡਬਲ ਸੈਮੀ ਟਰੇਲਰ ਦੀ ਭਿਆਨਕ ਟੱਕਰ ਹੋ ਗਈ ਸੀ। ਇਹ ਭਿਆਨਕ ਹਾਦਸਾ ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ 'ਚ ਰਹਿਣ ਵਾਲੇ ਇਕ ਪਰਿਵਾਰ 'ਤੇ ਕਹਿਰ ਬਣ ਕੇ ਆਇਆ। ਕਾਰ ਹਾਦਸੇ ਵਿਚ 6 ਸਾਲਾ ਕੁੜੀ ਮੈਕੀਨਿਨ ਐਂਡਰਸਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਅਤੇ ਉਸ ਦੀ ਦਾਦੀ ਹਾਦਸੇ ਵਿਚ ਮਾਰੀ ਗਈ, ਜਦਕਿ ਉਸ ਦੀ ਮਾਂ ਅਤੇ ਭਰਾ ਜ਼ਖਮੀ ਹੋ ਗਏ। 

ਇਸ ਭਿਆਨਕ ਹਾਦਸੇ ਦੇ 8 ਮਹੀਨੇ ਬੀਤਣ ਤੋਂ ਬਾਅਦ ਮੈਕੀਨਿਨ ਐਂਡਰਸਨ ਖੁਦ ਆਪਣੇ ਪੈਰਾਂ 'ਤੇ ਖੜ੍ਹੀ ਹੋਈ ਅਤੇ ਚੱਲ ਸਕਦੀ ਹੈ। ਡਾਕਟਰ ਇਸ ਨੂੰ ਕਿਸੇ ਚਮਤਕਾਰ ਤੋਂ ਘੱਟ ਨਹੀਂ ਮੰਨ ਰਹੇ ਹਨ। ਉਹ 99 ਫੀਸਦੀ ਬਰੇਨ ਡੈੱਡ ਸੀ ਅਤੇ ਉਸ ਦੇ ਠੀਕ ਹੋਣ ਨੂੰ ਲੈ ਕੇ ਡਾਕਟਰ ਵੀ ਹਾਰ ਮੰਨ ਚੁੱਕੇ ਸਨ। ਮੈਕੀਨਿਨ ਦੀ ਮਾਂ ਕੇਯਲੀ ਐਂਡਰਸਨ ਦਾ ਕਹਿਣਾ ਸੀ ਕਿ ਉਸ ਨੇ ਵੀ ਉਮੀਦ ਛੱਡ ਦਿੱਤੀ ਸੀ ਕਿ ਉਸ ਦੀ ਧੀ ਜ਼ਿੰਦਾ ਬਚੇਗੀ। ਉਹ ਠੀਕ-ਢੰਗ ਨਾਲ ਖਾ ਨਹੀਂ ਸਕਦੀ ਸੀ, ਚੱਲ ਨਹੀਂ ਸਕਦੀ ਸੀ ਅਤੇ ਨਾ ਹੀ ਗੱਲ ਕਰ ਸਕਦੀ ਸੀ। ਮਾਂ ਨੇ ਦੱਸਿਆ ਕਿ ਮੈਕੀਨਿਨ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ। ਉਸ ਦੇ ਲੱਕ 'ਤੇ ਗੰਭੀਰ ਸੱਟਾਂ ਲੱਗੀਆਂ। ਬਸ ਇੰਨਾ ਹੀ ਨਹੀਂ ਉਸ ਦੇ ਦਿਮਾਗ 'ਤੇ ਵੀ ਡੂੰਘੀਆਂ ਸੱਟਾਂ ਲੱਗੀਆਂ ਸਨ। ਡਾਕਟਰਾਂ ਨੇ ਉਸ ਦੇ ਬਚਣ ਦੀ ਉਮੀਦ ਛੱਡ ਦਿੱਤੀ ਸੀ। ਮੈਕੀਨਿਨ ਦਾ ਠੀਕ ਹੋਣਾ ਅਤੇ ਮੁੜ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਮੈਡੀਕਲ ਦੀ ਦੁਨੀਆ 'ਚ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। 

ਬੀਤੇ ਹਫਤੇ ਉਸ ਦੇ ਪਰਿਵਾਰ ਨੇ ਉਸ ਦੇ ਠੀਕ ਹੋਣ ਦਾ ਜਸ਼ਨ ਮਨਾਇਆ, ਕਿਉਂਕਿ ਉਸ ਦੇ ਮਾਪਿਆਂ ਨੇ ਉਸ ਨੂੰ ਮੁੜ ਤੋਂ ਤੁਰਦੇ ਦੇਖਿਆ। ਪਰਿਵਾਰ ਲਈ ਇਹ ਸਭ ਤੋਂ ਹੈਰਾਨ ਕਰਨ ਵਾਲਾ ਪਲ ਰਿਹਾ। ਮਾਂ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਉਹ ਸਿਰਫ ਸੁਪਨੇ 'ਚ ਹੀ ਇਹ ਸੋਚਦੀ ਸੀ ਕਿ ਉਸ ਦੀ ਧੀ ਮੁੜ ਕਦੇ ਤੁਰੇਗੀ ਅਤੇ ਦੁਆਵਾਂ ਕਰਦੀ ਸੀ ਕਿ ਮੈਕੀਨਿਨ ਠੀਕ ਹੋ ਜਾਵੇ। ਡਾਕਟਰ ਤੱਕ ਉਸ ਦੇ ਮੁੜ ਪੈਰਾਂ 'ਤੇ ਖੜ੍ਹੇ ਹੋਣ ਨੂੰ ਲੈ ਕੇ ਇਹ ਹੀ ਕਹਿੰਦੇ ਸਨ ਕਿ ਸ਼ਾਇਦ ਹੀ ਉਹ ਠੀਕ ਹੋਵੇ। ਮੈਕੀਨਿਨ ਹਾਦਸੇ ਕਾਰਨ ਤਕਰੀਬਨ ਸਾਢੇ 5 ਮਹੀਨੇ ਹਸਪਤਾਲ 'ਚ ਰਹੀ। ਪੋਰਟ ਮੈਕਵੇਰੀ ਬੇਸ ਹਸਪਤਾਲ ਵਿਚ ਉਸ ਦੀਆਂ ਸਰਜਰੀਆਂ ਹੋਈਆਂ ਅਤੇ ਲੱਗਭਗ 2 ਹਫਤੇ ਉਹ ਆਈ. ਸੀ. ਯੂ. ਵਿਚ ਰਹੀ। ਮੈਕੀਨਿਨ ਦੇ ਤੰਦਰੁਸਤ ਹੋਣ ਤੋਂ ਬਾਅਦ ਮਾਪੇ ਖੁਸ਼ ਹਨ। ਪਰਿਵਾਰਕ ਦੋਸਤ ਮੈਕੀਨਿਨ ਦੇ ਚੱਲ ਰਹੇ ਡਾਕਟਰੀ ਖਰਚਿਆਂ ਵਿਚ ਮਦਦ ਲਈ ਆਨਲਾਈਨ ਫੰਡਰੇਜ਼ਰ ਚੱਲਾ ਰਹੇ ਹਨ।